ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਬਰਾਮਦਗੀਆਂ ਵਧੀਆਂ
ਚੰਡੀਗੜ੍ਹ, 16 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੁੰਦੀ ਹਥਿਆਰਾਂ ਦੀ ਤਸਕਰੀ ਵਿਚ ਪੰਜ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸਾਲ ਹੁਣ ਤੱਕ 362 ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ ਏ.ਕੇ.-47 ਰਾਈਫਲਾਂ, ਗ੍ਰਨੇਡ ਅਤੇ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਵੀ ਸ਼ਾਮਲ ਹਨ। ਪਿਛਲੇ ਸਾਰੇ ਸਾਲ ਵਿਚ ਸਿਰਫ਼ 81 ਹਥਿਆਰ ਜ਼ਬਤ ਕੀਤੇ ਗਏ ਸਨ।
ਇਕ ਸੁਰੱਖਿਆ ਮਾਹਿਰ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿਚ ਵਾਧੇ ਦਾ ਕਾਰਨ ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਨੂੰ ਦੱਸਿਆ ਹੈ। ਮਾਹਿਰ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ.ਐੱਸ.ਆਈ. ਨੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਿਚ ਹਥਿਆਰਾਂ ਦੀ ਤਸਕਰੀ ਤੇਜ਼ ਕਰਕੇ ਜਵਾਬੀ ਮੁਹਿੰਮ ਸ਼ੁਰੂ ਕੀਤੀ ਹੈ। ਲਗਭਗ ਇਕ ਤਿਹਾਈ ਬਰਾਮਦਗੀਆਂ ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਹੋਈਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ 50 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਡਰੋਨਾਂ ਰਾਹੀਂ ਸੁੱਟੇ ਗਏ ਹਥਿਆਰਾਂ ਨੂੰ ਇਕੱਠਾ ਕਰਦੇ ਫੜੇ ਗਏ; ਕੁਝ ਉਹ ਵਿਅਕਤੀ ਸਨ, ਜਿਨ੍ਹਾਂ ਨੂੰ ਅੱਤਵਾਦੀ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ। ਤਿੰਨ ਸਾਲਾਂ ਵਿਚ ਪਹਿਲੀ ਵਾਰ ਤਿੰਨ ਏ.ਕੇ.-47 ਰਾਈਫਲਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿਚ ਕਿੰਨੇ ਅਤਿ-ਆਧੁਨਿਕ ਹਥਿਆਰ ਆ ਰਹੇ ਹਨ। ਇਸ ਤੋਂ ਪਹਿਲਾਂ ਅਜਿਹੀ ਆਖਰੀ ਬਰਾਮਦਗੀ ਅਕਤੂਬਰ 2022 ਵਿਚ ਹੋਈ ਸੀ, ਜਦੋਂ ਛੇ ਏ.ਕੇ.-47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ।
ਅਧਿਕਾਰੀ ਨੇ ਕਿਹਾ, ”ਆਈ.ਐੱਸ.ਆਈ. ਪੰਜਾਬ ਵਿਚ ਅਰਾਜਕਤਾ ਫੈਲਾਉਣ ਲਈ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅੱਤਵਾਦੀਆਂ ਦੇ ਗੱਠਜੋੜ ਦੀ ਵਰਤੋਂ ਕਰ ਰਹੀ ਹੈ, ਜਿਸ ਵਿਚ ਬਰਾਮਦ ਕੀਤੇ ਗਏ ਹਥਿਆਰਾਂ ਦਾ ਸਬੰਧ ਜਬਰੀ ਵਸੂਲੀ, ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਅਤੇ ਗੈਂਗਾਂ ਦੀ ਆਪਸੀ ਦੁਸ਼ਮਣੀ ਵਰਗੇ ਹਿੰਸਕ ਅਪਰਾਧਾਂ ਨਾਲ ਹੈ।” ਅਧਿਕਾਰੀ ਨੇ ਕਿਹਾ ਕਿ ਇਹ ਰਣਨੀਤੀ ਕਾਨੂੰਨ ਵਿਵਸਥਾ ਨੂੰ ਵਿਗਾੜਨ ਅਤੇ ਖਾਲਿਸਤਾਨ ਦੀ ਵੱਖਵਾਦ ਵਾਲੀ ਵਿਚਾਰਧਾਰਾ ਲਈ ਢੁਕਵੇਂ ਹਾਲਾਤ ਪੈਦਾ ਕਰਨ ਦੇ ਆਈ.ਐੱਸ.ਆਈ. ਦੇ ਵਿਆਪਕ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਕਿਹਾ, ”ਹਿੰਸਕ ਅਪਰਾਧ ਵਧਣ ਨਾਲ ਇਹ ਡਰ ਵੀ ਪੈਦਾ ਹੋ ਰਿਹਾ ਹੈ ਕਿ ਇਹ ਹਥਿਆਰਬੰਦ ਗਿਰੋਹ ਭਵਿੱਖ ਦੇ ਅੱਤਵਾਦੀ ਹਮਲਿਆਂ ਦਾ ਸਬੱਬ ਬਣ ਸਕਦੇ ਹਨ।”
ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਤਸਕਰੀ ਦੇ ਮਾਮਲਿਆਂ ਦੀ ਗਿਣਤੀ 2021 ਤੋਂ ਲੈ ਕੇ 2024 ਤੱਕ ਦੇ ਕੁੱਲ ਕੇਸਾਂ ਨਾਲੋਂ ਵੀ ਵਧ ਗਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿਚ 9 ਐੱਮ.ਐੱਮ. ਗਲੌਕਸ, ਪੀ ਐਕਸ5 ਪਿਸਤੌਲ, .30 ਬੋਰ, .32 ਬੋਰ ਅਤੇ .315 ਕੈਲੀਬਰ ਹਥਿਆਰਾਂ ਵਰਗੇ ਅਤਿ-ਆਧੁਨਿਕ ਮਾਡਲ ਸ਼ਾਮਲ ਹਨ। ਇਨ੍ਹਾਂ ਨਾਲ ਅਕਸਰ ਮੈਗਜ਼ੀਨਾਂ ਅਤੇ ਕਾਰਤੂਸ ਵੀ ਹੁੰਦੇ ਹਨ। 2022 ਤੋਂ ਗਲੌਕਸ ਅਤੇ ਪੀ ਐਕਸ-5 ਕਿਸਮਾਂ ਜੋ ਸਿੱਧਾ ਪਾਕਿਸਤਾਨ ਤੋਂ ਆਉਂਦੀਆਂ ਹਨ, ਵੱਡੀ ਗਿਣਤੀ ‘ਚ ਫੜੀਆਂ ਗਈਆਂ ਹਨ। ਹਥਿਆਰਾਂ ਦੀ ਤਸਕਰੀ ਉੱਚ ਪ੍ਰਭਾਵ ਵਾਲੀਆਂ ਅਤਿਵਾਦੀ ਅਤੇ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ।
ਸਮੱਗਲਿੰਗ ਦੇ ਤਰੀਕਿਆਂ ਵਿਚ ਵੀ ਮਹੱਤਵਪੂਰਨ ਤਬਦੀਲੀ ਆਈ ਹੈ। ਹਾਲ ਦੇ ਸਾਲਾਂ ਵਿਚ ਰਵਾਇਤੀ ਢੰਗ-ਤਰੀਕੇ ਛੱਡ ਕੇ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਕਰਨ ਦਾ ਰੁਝਾਨ ਵਧਿਆ ਹੈ। ਇਹ ਰੁਝਾਨ 2019 ਵਿਚ ਪਹਿਲੇ ਡਰੋਨ ਤਸਕਰੀ ਕੇਸ ਨਾਲ ਸ਼ੁਰੂ ਹੋਇਆ ਸੀ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਤਕਨੀਕੀ ਅਤੇ ਮੌਸਮੀ ਕਾਰਨਾਂ ਕਰ ਕੇ ਸਮੱਗਲਿੰਗ ਰੋਕਣਾ ਵਧੇਰੇ ਚੁਣੌਤੀਪੂਰਨ ਬਣ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਮੱਗਲਰਾਂ ਦੇ ਗਿਰੋਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਬਟਾਲਾ ਵਿਚ ਬਹੁਤ ਜ਼ਿਆਦਾ ਕੇਂਦਰਿਤ ਹਨ। ਇਨ੍ਹਾਂ ਜ਼ਿਲ੍ਹਿਆਂ ‘ਚੋਂ 2022 ਤੋਂ ਬਹੁਗਿਣਤੀ ਛੋਟੇ ਹਥਿਆਰ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਖੇਤਰ ਜੋ ਅਕਸਰ ਆਈ.ਐੱਸ.ਆਈ. ਵੱਲੋਂ ਨਿਰਦੇਸ਼ਿਤ ਮੌਡਿਊਲਾਂ ਨਾਲ ਜੁੜੇ ਹੁੰਦੇ ਹਨ, ਨਾਜਾਇਜ਼ ਹਥਿਆਰਾਂ ਦੇ ਵਪਾਰ ਲਈ ਨਾਜ਼ੁਕ ਦਾਖ਼ਲਾ ਪੁਆਇੰਟਾਂ ਵਜੋਂ ਕੰਮ ਕਰਦੇ ਹਨ।
ਡੀ.ਜੀ.ਪੀ. ਵੱਲੋਂ ਹਾਲਾਤ ਗੰਭੀਰ ਕਰਾਰ
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਹਾਲਾਤ ਦੀ ਗੰਭੀਰਤਾ ਦਾ ਜ਼ਿਕਰ ਕਰਦਿਆਂ ਕਿਹਾ, ”ਅਸੀਂ ਅਤਿ-ਆਧੁਨਿਕ ਹਥਿਆਰਾਂ ਦੀ ਸਮੱਗਲਿੰਗ ਰੋਕਣ ਅਤੇ ਸਰਹੱਦ ਪਾਰੋਂ ਬਣਾਈਆਂ ਗਈਆਂ ਕਈ ਅੱਤਵਾਦੀ ਯੋਜਨਾਵਾਂ ਨੂੰ ਨਾਕਾਮ ਕਰਨ ਵਿਚ ਸਫ਼ਲ ਹੋਏ ਹਾਂ।” ਉਨ੍ਹਾਂ ਕਿਹਾ ਕਿ ਇਹ ਬਰਾਮਦਗੀਆਂ ਪੰਜਾਬ ਪੁਲਿਸ, ਇਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ (ਜਿਸ ਵਿਚ ਸਪੈਸ਼ਲ ਸਰਵਿਸਿਜ਼ ਅਪ੍ਰੇਸ਼ਨ ਸੈੱਲ ਸ਼ਾਮਲ ਹੈ), ਸੀਮਾ ਸੁਰੱਖਿਆ ਬਲ ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਕਾਰਨ ਸੰਭਵ ਹੋਈਆਂ ਹਨ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਕੰਮ ਕਰ ਰਹੇ ਗੈਂਗਸਟਰ ਅਤੇ ਅੱਤਵਾਦੀ ਨਾ ਸਿਰਫ਼ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਹਥਿਆਰ ਮੁਹੱਈਆ ਕਰ ਰਹੇ ਹਨ, ਸਗੋਂ ਸੰਗਠਿਤ ਅਪਰਾਧ ਨੂੰ ਵੀ ਹਵਾ ਦੇ ਰਹੇ ਹਨ।
ਪੰਜਾਬ ‘ਚ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ
