ਵੋਟਰ ਲਿਸਟਾਂ ‘ਚ ਗੜਬੜੀਆਂ ਨੂੰ ਲੈ ਕੇ ਜਾਰੀ ਹੋਏ ਹੁਕਮ
ਚੰਡੀਗੜ੍ਹ/ਜਲੰਧਰ, 31 ਜਨਵਰੀ (ਪੰਜਾਬ ਮੇਲ)- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦਾ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐੱਸ.ਆਈ.ਆਰ) ਕਰਵਾਇਆ ਜਾਵੇਗਾ। ਐੱਸ.ਆਈ.ਆਰ. ਦਾ ਕੰਮ ਇਸੇ ਸਾਲ ਫਰਵਰੀ-ਮਾਰਚ ਵਿਚ ਸ਼ੁਰੂ ਹੋਵੇਗਾ। ਇਸ ਨੂੰ ਲੈ ਕੇ ਪੰਜਾਬ ਦੇ ਚੀਫ਼ ਇਲੈਕਟਰੋਲ ਅਫ਼ਸਰ ਨੇ ਵੀ ਇਸ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਰਿਕਾਰਡ ਅਪਡੇਟ ਹੋ ਰਿਹਾ ਹੈ। ਫਿਲਹਾਲ ਅਜੇ ਰਸਮੀ ਤੌਰ ‘ਤੇ ਸ਼ਡਿਊਲ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪੰਜਾਬ ਦੇ ਚੀਫ਼ ਇਲੈਕਟਰੋਲ ਅਫ਼ਸਰ (ਸੀ.ਈ.ਓ) ਦਫ਼ਤਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੋਟਰ ਰਿਕਾਰਡ ਅਪਡੇਟ ਰੱਖਣ ਅਤੇ ਪੁਰਾਣੇ ਵੋਟਰ ਸੂਚੀ ਨਾਲ ਤੁਲਨਾ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ।
ਰਾਸ਼ਟਰੀ ਚੋਣ ਕਮਿਸ਼ਨ ਨੇ ਇਕ ਦਿਨ ਪਹਿਲਾਂ ਸਾਰੇ ਸੂਬਿਆਂ ਦੇ ਨਾਲ ਹੋਈ ਵਰਚੂਆਲ ਮੀਟਿੰਗ ਵਿਚ ਪੰਜਾਬ ਵਿਚ ਐੱਸ.ਆਈ.ਆਰ. ਸ਼ੁਰੂ ਕਰਨ ਦਾ ਸੰਕੇਤ ਦਿੱਤਾ ਸੀ। ਇਸ ਦੇ ਬਾਅਦ ਪੰਜਾਬ ਦੇ ਸੀ.ਈ.ਓ. ਨੇ ਵੋਟਰ ਲਿਸਟ ਦੀਆਂ ਗੜਬੜੀਆਂ ਦੁਰੱਸਤ ਕਰਨ ਦੇ ਆਦੇਸ਼ ਦਿੱਤੇ ਹਨ। ਚੋਣ ਕਮਿਸ਼ਨ 2003 ਦੀ ਵੋਟਰ ਸੂਚੀ ਨੂੰ ਮੌਜੂਦਾ ਵੋਟਰ ਸੂਚੀ ਨਾਲ ਮੈਪ ਕਰ ਰਿਹਾ ਹੈ। 2003 ਵਿਚ ਇਕ ਪਰਿਵਾਰ ‘ਚ ਬੱਚਿਆਂ ਦੀ ਗਿਣਤੀ, ਉਨ੍ਹਾਂ ਦੀ ਉਮਰ ਅਤੇ ਮ੍ਰਿਤਕ ਮੈਂਬਰਾਂ ਦੀ ਗਿਣਤੀ ਸਭ ਦੀ ਮੈਪਿੰਗ ਕੀਤੀ ਜਾਵੇਗੀ। ਮੰਨ ਲਿਆ ਜਾਵੇ ਕਿ ਪੰਜਾਬ ‘ਚ 21 ਮਿਲੀਅਨ ਵੋਟਰ ਹਨ, ਤਾਂ ਇਨ੍ਹਾਂ ਸਾਰਿਆਂ ਦੀ ਮੈਪਿੰਗ ਕੀਤੀ ਜਾਵੇਗੀ।
ਇਨ੍ਹਾਂ ਵਿਚ ਕਿੰਨੇ ਵੋਟਰਾਂ ਦੀ ਮੌਤ ਹੋ ਗਈ, ਕਿੰਨੇ ਸ਼ਿਫ਼ਟ ਹੋ ਗਏ ਹਨ। ਇਹ ਸਭ ਬੀ.ਐੱਲ.ਓ. ਡੋਰ-ਟੂ-ਡੋਰ ਜਾ ਕੇ ਮੈਪਿੰਗ ਕਰਨਗੇ। ਪੰਜਾਬ ਵਿਚ ਐੱਸ.ਆਈ.ਆਰ. ਦਾ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਪੰਜਾਬ ਵਿਚ ਮਾਈਗ੍ਰੇਸ਼ਨ ਨਹੀਂ ਹੋਈ ਹੈ, ਨਾ ਗਲਤ ਵੋਟ ਬਣੇ ਹਨ। ਬੀ.ਐੱਲ.ਓ. ਪਹਿਲੇ ਬੂਥਾਂ ਦੀ ਮੈਪਿੰਗ ਕਰ ਰਹੇ ਹਨ। ਪੰਜਾਬ ਵਿਚ ਲਗਭਗ 24 ਹਜ਼ਾਰ ਬੂਥ ਹਨ।
ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐੱਸ.ਆਈ.ਆਰ. ਦੀ ਤਿਆਰੀ!

