ਪਟਿਆਲਾ, 25 ਫਰਵਰੀ (ਪੰਜਾਬ ਮੇਲ)- ਸੂਬੇ ਵਿਚ ਮੁਫਤ ਅਤੇ ਸਸਤੀ ਬਿਜਲੀ ਯੋਜਨਾ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਸੈਂਟਰਲ ਇਲੈਕਟ੍ਰਸਿਟੀ ਰੈਗੂਲੇਟਰੀ ਕਮਿਸ਼ਨ (ਸੀ.ਈ.ਆਰ.ਸੀ.) ਵਲੋਂ ਬਿਜਲੀ ਪੈਦਾ ਕਰਨ ਵਾਲੀ ਕੰਪਨੀ (ਜੇਨਕੋਸ) ਨੂੰ ਐਨਰਜੀ ਐਕਸਚੇਂਜ ’ਤੇ ਮਹਿੰਗੀ ਬਿਜਲੀ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਇਹੀ ਕਾਰਣ ਹੈ ਕਿ ਸੂਬੇ ਵਿਚ ਮੁਫਤ ਬਿਜਲੀ ਯੋਜਨਾ ਨੂੰ ਝਟਕਾ ਲੱਗ ਸਕਦਾ ਹੈ। ਮੌਜੂਦਾ ਸਮੇਂ ਵਿਚ ਅਗਲੇ ਦਿਨ ਲਈ ਬਿਜਲੀ ਖਰੀਦਣ ’ਤੇ 12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਸਕਦੀ ਹੈ ਜਿਹੜੀ ਹੁਣ 50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਜਾਵੇਗੀ। ਪੰਜਾਬ ਨੂੰ ਕੋਟੇ ਦੀ ਅਤੇ ਪਾਵਰ ਪਰਚੇਜ ਐਗਰੀਮੈਂਟ ਦੀ ਬਿਜਲੀ ਮਿਲਦੀ ਹੈ। ਡਿਮਾਂਡ ਜ਼ਿਆਦਾ ਹੋਣ ’ਤੇ ਐਨਰਜੀ ਐਕਸਚੇਂਜ ਰਾਹੀਂ ਬਿਜਲੀ ਖਰੀਦੀ ਜਾਂਦੀ ਹੈ। ਇਸ ਲਈ ਜ਼ਰੂਰਤ ਪੈਣ ’ਤੇ 50 ਰੁਪਏ ਯੂਨਿਟ ਪ੍ਰਤੀ ਯੂਨਿਟ ਖਰੀਦ ਕੇ ਸਾਢੇ ਚਾਰ ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਸਕਣਾ ਪਾਵਰਕਾਮ ਲਈ ਔਖਾ ਹੈ। ਅਜਿਹੇ ਵਿਚ ਮਹਿੰਗੀ ਬਿਜਲੀ ਦਾ ਬੋਝ ਆਮ ਉਪਭੋਗਤਾ ’ਤੇ ਪਵੇਗਾ ਜਾਂ ਫਿਰ ਲੰਬੇ ਬਿਜਲੀ ਕੱਟ ਲਈ ਤਿਆਰ ਰਹਿਣਾ ਪਵੇਗਾ।
ਜਾਣਕਾਰਾਂ ਦੀ ਮੰਨੀਏ ਤਾਂ ਪਾਵਰਕਾਮ ਨੇ 1 ਅਪ੍ਰੈਲ 2021 ਤੋਂ 31 ਮਾਰਚ 2022 ਤਕ ਮਤਲਬ ਇਕ ਸਾਲ ਵਿਚ 2794 ਕਰੋੜ ਰੁਪਏ ਦੀ ਬਿਜਲੀ ਔਸਤ 4.32 ਪੈਸੇ ਖਰਚ ਕਰਕੇ 6471 ਮਿਲੀਅਨ ਯੂਨਿਟ ਬਿਜਲੀ ਖਰੀਦੀ ਜਦਕਿ ਇਸ ਸਾਲ ਅਸੀਂ ਪੈਸੇ ਜ਼ਿਆਦਾ ਖਰਚ ਕੀਤੇ ਪਰ ਬਿਜਲੀ ਘੱਟ ਲਈ। 1 ਅਪ੍ਰੈਲ 2022 ਤੋਂ 21 ਫਰਵਰੀ 2023 ਤਕ 2993 ਕਰੋੜ ਰੁਪਏ ਵਿਚ ਔਸਤ 5.73 ਪੈਸੇ ਪ੍ਰਤੀ ਯੂਨਿਟ ਨਾਲ 5224 ਮਿਲੀਅਨ ਯੂਨਿਟ ਬਿਜਲੀ ਖਰੀਦੀ।
ਮਾਹਿਰਾਂ ਨੇ ਕਿਹਾ ਕਿ ਸੀ. ਈ. ਆਰ. ਸੀ. ਦਾ ਇੱਕੋ ਸਮੇਂ 4 ਗੁਣਾ ਬਿਜਲੀ ਮਹਿੰਗੀ ਕਰਨ ਨੂੰ ਮਨਜ਼ੂਰੀ ਦੇਣਾ ਲੋਕ ਹਿਤ ਵਿਚ ਨਹੀਂ ਸਗੋਂ ਪ੍ਰਾਈਵੇਟ ਕੰਪਨੀਆਂ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾਉਣਾ ਹੈ। ਹਰ ਸਾਲ ਗਰਮੀ ਦੇ ਮੌਸਮ ਵਿਚ ਔਸਤ 10 ਤੋਂ 15 ਫੀਸਦੀ ਬਿਜਲੀ ਦੀ ਮੰਗ ਵਿਚ ਵਾਧਾ ਦਰਜ ਕੀਤਾ ਜਾਂਦਾ ਹੈ। ਪਿਛਲੇ ਸਾਲ ਬਿਜਲੀ ਦੀ ਵੱਧ ਤੋਂ ਵੱਧ ਮੰਗ ਸਾਢੇ 14 ਹਜ਼ਾਰ ਮੈਗਾਵਾਟ ਸੀ ਕਿਉਂਕਿ ਇਸ ਸਾਲ ਗਰਮੀ ਨੇ ਜਲਦੀ ਦਸਤਕ ਦੇ ਦਿੱਤੀ ਹੈ ਅਤੇ ਮੀਂਹ ਵੀ ਘੱਟ ਪਿਆ ਹੈ। ਇਸ ਲਈ ਇਸ ਗਰਮੀ ਦੇ ਸੀਜ਼ਨ ਵਿਚ ਮੰਗ 15 ਹਜ਼ਾਰ ਮੈਗਾਵਾਟ ਨੂੰ ਪਾਰ ਕਰੇਗੀ, ਵਿਭਾਗ ਲਈ ਇਸ ਮੰਗ ਨੂੰ ਪੂਰਾ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਸੁਭਾਵਿਕ ਹੈ ਕਿ ਵਿਭਾਗ ਨੂੰ ਬਾਹਰੋਂ ਮਹਿੰਗੀ ਬਿਜਲੀ ਖਰੀਦਣੀ ਪਵੇਗੀ, ਜਿਸ ਦਾ ਅਸਰ ਲੋਕਾਂ ’ਤੇ ਪਵੇਗਾ।
**********************************************