#PUNJAB

ਪੰਜਾਬ ‘ਚ 85 ਸਾਲ ਤੋਂ ਉਪਰ ਵੋਟਰਾਂ ਲਈ ਚੋਣਾਂ 1 ਜੂਨ ਤੋਂ ਪਹਿਲਾਂ!

-ਚੋਣ ਕਮਿਸ਼ਨ ਨੇ ਖਿੱਚੀ ਪੂਰੀ ਤਿਆਰੀ
ਚੰਡੀਗੜ੍ਹ, 30 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਇਸ ਵਾਰ ਹਰ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੇ, ਇਸ ਦੇ ਲਈ ਚੋਣ ਕਮਿਸ਼ਨ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਸੂਬੇ ‘ਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਪਰ ਚੋਣ ਕਮਿਸ਼ਨ ਨੇ ਤੈਅ ਕੀਤਾ ਹੈ ਕਿ ਪੰਜਾਬ ਦੇ 85 ਸਾਲ ਤੋਂ ਉੱਪਰ ਦੇ 2.57 ਲੱਕ ਅਤੇ ਡੇਢ ਲੱਖ ਦਿਵਿਆਂਗ ਵੋਟਰਾਂ ਕੋਲੋਂ ਇਸ ਤੋਂ ਪਹਿਲਾਂ ਹੀ ਪੋਸਟਲ ਬੈਲਟ ਪੇਪਰ ਜ਼ਰੀਏ ਵੋਟਾਂ ਪੁਆਈਆਂ ਜਾਣਗੀਆਂ। ਇਸ ਦੇ ਲਈ ਕਮਿਸ਼ਨ ਨੇ 25, 26, 27 ਅਤੇ 28 ਮਈ ਦੀ ਤਾਰੀਖ਼ ਤੈਅ ਕੀਤੀ ਹੈ।
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਉਕਤ ਸਾਰੇ ਵੋਟਰਾਂ ਤੋਂ ਕੰਸੈਂਟ ਫਾਰਮ ਭਰਵਾ ਰਿਹਾ ਹੈ। ਇਸ ਲਈ ਬੀ.ਐੱਲ.ਓ. ਘਰ-ਘਰ ਜਾ ਕੇ ਦਿਵਿਆਂਗ ਅਤੇ 85 ਸਾਲ ਤੋਂ ਉੱਪਰ ਦੇ ਬਜ਼ੁਰਗ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਕਿ ਉਹ ਕਿਵੇਂ ਵੋਟਾਂ ਪਾਉਣੀਆਂ ਚਾਹੁੰਦੇ ਹਨ। ਚੋਣ ਕਮਿਸ਼ਨ ਪੋਸਟਲ ਬੈਲਟ ਪੇਪਰ ਲਈ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਤੋਂ ਫਾਰਮ 12 ਭਰਵਾ ਕਰੇ ਉਨ੍ਹਾਂ ਦਾ ਕੰਸੈਂਟ ਲੈ ਰਿਹਾ ਹੈ।
ਕੋਈ ਵੀ ਵਿਅਕਤੀ ਇਹ ਫਾਰਮ ਘਰ ਬੈਠੇ ਵੀ ਡਾਊਨਲੋਡ ਕਰ ਸਕਦਾ ਹੈ ਅਤੇ ਉਹ ਖ਼ੁਦ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਇਹ ਫਾਰਮ ਨੇੜਲੇ ਚੋਣ ਕਮਿਸ਼ਨ ਦੇ ਦਫ਼ਤਰ ‘ਚ ਜਮ੍ਹਾਂ ਕਰਵਾ ਸਕਦਾ ਹੈ। ਚੋਣ ਕਮਿਸ਼ਨ ਦੇ ਮੁਤਾਬਕ ਦਿਵਿਆਂਗ ਜਾਂ 85 ਸਾਲ ਤੋਂ ਉੱਪਰ ਦੇ ਬਜ਼ੁਰਗ ਵੋਟਰ ਜਦੋਂ ਪੋਸਟਲ ਬੈਲਟ ਰਾਹੀਂ ਵੋਟਾਂ ਪਾਉਣਗੇ ਤਾਂ ਟੀਮ ਘਰ ਪੁੱਜੇਗੀ। ਟੀਮ ‘ਚ ਇਕ ਬੀ.ਐੱਲ.ਓ., 2 ਚੋਣ ਕਰਮਚਾਰੀ ਅਤੇ ਸਿਆਸੀ ਪਾਰਟੀਆਂ ਦੇ ਏਜੰਟ ਮੌਜੂਦ ਰਹਿਣਗੇ, ਤਾਂ ਜੋ ਪੱਖਪਾਤ ਦੇ ਦੋਸ਼ ਨਾ ਲੱਗ ਸਕਣ।