ਕਿਹਾ: …ਜੋ ਕੁਛ ਮੁਝੇ ਦੀਆ ਹੈ, ਵੋਹ ਲੋਟਾ ਰਹਾ ਹੂੰ ਮੈਂ
ਫਗਵਾੜਾ, 21 ਨਵੰਬਰ ( ਪੰਜਾਬ ਮੇਲ)- ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ ਵੱਲੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਦੀ ਨਵੀਂ ਪੁਸਤਕ ‘ਉੱਗਦੇ ਸੂਰਜ ਦੀ ਅੱਖ’ ਲੋਕ ਅਰਪਣ ਕੀਤੀ ਗਈ। ਸਾਹਿਤਕਾਰ ਪ੍ਰਿੰ: ਗੁਰਮੀਤ ਸਿੰਘ ਪਲਾਹੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਵਿੱਚ ਅਪਨੀਤ ਰਿਆਤ (ਆਈ.ਏ.ਐਸ.) ਚੀਫ ਐਡਮਨ ਪੁੱਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਸਮਾਗਮ ਦੀ ਪ੍ਰਧਾਨਗੀ ਫੁੱਟਬਾਲ ਖਿਡਾਰੀ ਇੰਦਰ ਸਿੰਘ ਅਤੇ ਧਰਮਜੀਤ ਸਿੰਘ, ਉਪ ਕੁਲਪਤੀ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਹੁਸ਼ਿਆਰਪੁਰ) ਨੇ ਸਾਂਝੇ ਤੌਰ ’ਤੇ ਕੀਤੀ।
ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਪੁਸਤਕ ਦੇ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪ੍ਰੋ. ਜਸਵੰਤ ਸਿੰਘ ਗੰਡਮ ਦੀ ਇਹ ਤੀਜੀ ਪੁਸਤਕ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਲਿਖੇ 33 ਲੇਖ ਸ਼ਾਮਿਲ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 14 ਲੇਖ ਵਿਅੰਗਾਤਮਕ ਹਨ। ਪ੍ਰੋ. ਜਸਵੰਤ ਸਿੰਘ ਗੰਡਮ ਨੇ ਇਹ ਪੁਸਤਕ ਰੂਹ ਦੇ ਸਾਥੀ (ਸੋਲ ਮੇਟ) ਪ੍ਰੋ. ਸੀਤਲ ਸਿੰਘ ਰਿਆਤ ਨੂੰ ਸਮਰਪਿਤ ਕੀਤੀ ਹੈ। ਜੋ ਇੱਕ ਖੇਡ ਕੁਮੈਂਟੇਟਰ, ਫੁੱਟਬਾਲ ਪ੍ਰਮੋਟਰ ਅਤੇ ਟ੍ਰੇਨਰ ਸਨ। ਇਸ ਸਾਲ 12 ਮਈ ਨੂੰ ਉਹ ਸਦੀਵੀਂ ਵਿਛੋੜਾ ਦੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋ: ਗੰਡਮ ਦੀਆਂ ਦੋ ਕਿਤਾਬਾਂ ‘ਕੁਝ ਤੇਰੀਆਂ, ਕੁਝ ਮੇਰੀਆਂ’ ਅਤੇ ‘ਸੁੱਤੇ ਸ਼ਹਿਰ ਦਾ ਸਫ਼ਰ’ ਕੋਵਿਡ-19 ਤੋਂ ਪਹਿਲਾਂ ਅਤੇ ਕੋਵਿਡ ਪੀਰੀਅਡ ਦੌਰਾਨ ਪ੍ਰਕਾਸ਼ਤ ਹੋਈਆਂ ਸਨ। ਨਵੀਨਤਮ ਕਿਤਾਬ ਵਿੱਚ ਕੋਵਿਡ ਤੋਂ ਬਾਅਦ ਦੇ ਲੇਖ ਸ਼ਾਮਲ ਕੀਤੇ ਗਏ ਹਨ।
ਪ੍ਰੋ. ਜਸਵੰਤ ਸਿੰਘ ਗੰਡਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੇਖਕ ਆਪਣੇ ਤਜ਼ਰਬੇ ਅਤੇ ਸਿਰਜਣਾਤਮਕ ਸ਼ਕਤੀ ਦੇ ਬਲਬੂਤੇ ਉਹ ਵਿਸ਼ੇ ਹੀ ਆਪਣੀਆਂ ਲਿਖਤਾਂ ਵਿੱਚ ਸ਼ਾਮਲ ਕਰਦਾ ਹੈ ਜੋ ਉਸ ਦੀ ਅੰਤਰ-ਆਤਮਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਦੇ ਰੂਪ ਵਿੱਚ ਉਸ ਦੇ ਆਲੇ-ਦੁਆਲੇ ਵਾਪਰਦੇ ਹਨ। ਉਹਨਾਂ ਸਾਹਿਰ ਲੁਧਿਆਣਵੀ ਦਾ ਇਹ ਸ਼ੇਅਰ ਵੀ ਪੜ੍ਹਿਆ ਕਿ ‘ ਦੁਨੀਆ ਨੇ ਤਜ਼ੁਰਬਾਤ-ਓ-ਹਵਾਦਿਤ ਕੀ ਸ਼ਕਲ ਮੇਂ, ਜੋ ਕੁਛ ਮੁਝੇ ਦੀਆ ਹੈ ਵੋਹ ਲੋਟਾ ਰਹਾ ਹੂੰ ਮੈਂ’।
ਮੁੱਖ ਮਹਿਮਾਨ ਅਪਨੀਤ ਰਿਆਤ ਅਤੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਮਨਜੀਤ ਕੌਰ ਰਿਆਤ ਨੇ ਇਹ ਪੁਸਤਕ ਸਵ. ਸੀਤਲ ਸਿੰਘ ਰਿਆਤ ਨੂੰ ਸਮਰਪਿਤ ਕਰਨ ਲਈ ਲੇਖਕ ਦਾ ਧੰਨਵਾਦ ਕੀਤਾ। ਅਪਨੀਤ ਰਿਆਤ ਨੇ ਦੱਸਿਆ ਕਿ ਪ੍ਰੋ. ਗੰਡਮ ਅਤੇ ਉਸਦੇ ਪਿਤਾ ਦਾ ਪਿਛਲੇ 50 ਸਾਲਾਂ ਤੋਂ ਬਹੁਤ ਨਜ਼ਦੀਕੀ ਰਿਸ਼ਤਾ ਸੀ।
ਫੁੱਟਬਾਲਰ ਇੰਦਰ ਸਿੰਘ ਅਤੇ ਪ੍ਰੋ. ਧਰਮਜੀਤ ਸਿੰਘ ਤੋਂ ਇਲਾਵਾ ਯੂ.ਕੇ. ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਹਿਤਕਾਰ ਨਛੱਤਰ ਸਿੰਘ ਭੋਗਲ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ, ਦੀਦਾਰ ਸ਼ੇਤਰਾ, ਟੀਡੀ ਚਾਵਲਾ ਆਦਿ ਨੇ ਵੀ ਪ੍ਰੋ. ਗੰਡਮ ਨੂੰ ਉਹਨਾਂ ਦੀ ਨਵੀਂ ਕਿਤਾਬ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਜਸਵਿੰਦਰ ਕੌਰ, ਬਲਵੀਰ ਸੈਣੀ, ਕਮਲੇਸ਼ ਸੰਧੂ, ਮੋਨਿਕਾ ਬੇਦੀ ਅਤੇ ਸਿਮਰਤ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮੁੱਖ ਮਹਿਮਾਨ ਅਪਨੀਤ ਰਿਆਤ ਅਤੇ ਮਨਜੀਤ ਕੌਰ ਰਿਆਤ ਨੂੰ ਪੰਜਾਬੀ ਵਿਰਸਾ ਟਰੱਸਟ ਦੀ ਤਰਫੋਂ ਦੁਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਾਹਿਤਕਾਰ ਰਵਿੰਦਰ ਚੋਟ, ਐਸ.ਐਲ. ਵਿਰਦੀ, ਬਲਦੇਵ ਰਾਜ ਕੋਮਲ, ਲਸ਼ਕਰ ਢੰਡਵਾੜਵੀ, ਮਨੋਜ ਫਗਵਾੜਵੀ, ਪ੍ਰਦੀਪ ਸਿੰਘ ਬਸਰਾ, ਸੁਖਵਿੰਦਰ ਸਿੰਘ ਟੈਰੀ, ਪਰਵਿੰਦਰਜੀਤ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ। ਪੰਜਾਬੀ ਵਿਰਸਾ ਟਰੱਸਟ ਵਲੋਂ ਪੁਸਤਕ ਛਾਪਣ ਵਿੱਚ ਸਹਾਇਤਾ ਦੇਣ ਲਈ ਮਿਸ ਬਬੀਤਾ ਨੂੰ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਕੈਪਸ਼ਨ: ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਅਪਨੀਤ ਰਿਆਤ ਆਈ.ਏ.ਐਸ. ਐਡਮਨ ਪੁੱਡਾ। ਨਾਲ ਖੜੇ ਹਨ ਲੇਖਕ, ਅੰਤਰਰਾਸ਼ਟਰੀ ਫੁੱਟਬਾਲਰ ਇੰਦਰ ਸਿੰਘ, ਪ੍ਰੋ: ਮਨਜੀਤ ਕੌਰ ਰਿਆਤ, ਡਾ: ਧਰਮਜੀਤ ਸਿੰਘ ਵੀ.ਸੀ., ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਹੋਰ।