ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ (ਮਰਾੜਾਂ ਵਾਲੇ) ਦਾ ਸਨਮਾਨ
ਸਰੀ, 17 ਜੂਨ (ਹਰਦਮ ਮਾਨ/ਪੰਜਾਬ ਮੇਲ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਕਲਸੀ, ਰਾਏ ਅਜੀਜ਼-ਉੱਲਾ ਖਾਨ ਅਤੇ ਭਾਰਤ ਤੋਂ ਆਏ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਨੇ ਕੀਤੀ। ਇਸ ਮੀਟਿੰਗ ਵਿਚ ਪ੍ਰਸਿੱਧ ਕਵਿੱਤਰੀ ਸੁਰਜੀਤ ਕਲਸੀ ਦੀ ਸ਼ਾਹਮੁਖੀ ਵਿਚ ਨਵ-ਪ੍ਰਕਾਸ਼ਿਤ ਪੁਸਤਕ ‘ਰੰਗ-ਰਸ-ਨਾਦ’ ਰਿਲੀਜ਼ ਕੀਤੀ ਗਈ ਅਤੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲੇ) ਦਾ ਸਨਮਾਨ ਕੀਤਾ ਗਿਆ।
ਮੀਟਿੰਗ ਦੇ ਆਗਾਜ਼ ਵਿਚ ਪੰਜਾਬੀ ਸਾਹਿਤ ਦੀ ਨਾਮਵਰ ਸ਼ਖ਼ਸੀਅਤ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਸਭਾ ਦੇ ਮੈਂਬਰ ਅਜੀਤ ਕੰਗ ਦੇ ਸਪੁੱਤਰ ਰਾਜ ਕੰਗ ਦੀ ਅਚਾਨਕ ਮੌਤ ਉੱਪਰ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਸੁਰਜੀਤ ਕਲਸੀ ਦੀ ਨਵ-ਪ੍ਰਕਾਸ਼ਿਤ ਪੁਸਤਕ ਰਸਮੀ ਤੌਰ ਤੇ ਰਿਲੀਜ਼ ਕੀਤੀ ਗਈ। ਇਸ ਪੁਸਤਕ ਬਾਰੇ ਫੌਜ਼ੀਆ ਰਫ਼ੀਕ, ਪ੍ਰਿਤਪਾਲ ਗਿੱਲ, ਕ੍ਰਿਸ਼ਨ ਬੈਕਟਰ, ਨਿਸ਼ਾਂਤ ਭੱਟ, ਰਾਏ ਅਜ਼ੀਜ਼ ਉੱਲਾ ਖਾਨ ਵੱਲੋਂ ਪਰਚੇ ਪੜ੍ਹੇ ਗਏ। ਸੁਰਜੀਤ ਕਲਸੀ, ਡਾ. ਪ੍ਰਿਥੀਪਾਲ ਸਿੰਘ ਸੋਹੀ, ਅਜਮੇਰ ਰੋਡੇ, ਬਲਦੇਵ ਸਿੰਘ ਬਾਠ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਗੀਤਕਾਰ ਬਾਬੂ ਸਿੰਘ ਮਾਨ ਬਾਰੇ ਦਰਸ਼ਨ ਸੰਘਾ, ਹਰਿੰਦਰ ਕੌਰ ਸੋਹੀ, ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਪਰਚੇ ਪੜ੍ਹੇ ਗਏ। ਬਾਬੂ ਸਿੰਘ ਮਾਨ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ।
ਕਾਵਿਕ ਦੌਰ ਵਿਚ ਮਨਜੀਤ ਮੱਲ੍ਹਾ, ਖੁਸ਼ਹਾਲ ਗਲੋਟੀ, ਨਰਿੰਦਰ ਬਾਹੀਆ, ਗੁਰਚਰਨ ਸਿੰਘ, ਜਿਲਾ ਸਿੰਘ, ਹਰਿੰਦਰ ਕੌਰ, ਅਮਨ ਸੀ ਸਿੰਘ, ਦਵਿੰਦਰ ਕੌਰ ਜੌਹਲ, ਗੁਰਦੇਵ ਸਿੰਘ ਕੰਦੋਲਾ, ਬਲਵੰਤ ਸਿੰਘ, ਗੁਰਮੀਤ ਸਿੰਘ ਕਾਲਕਟ, ਬਲਬੀਰ ਸਿੰਘ ਸੰਘਾ, ਐੱਨ. ਸ਼ਹਿਨਾਜ਼, ਮਲਕੀਤ ਸਿੰਘ, ਹਰਪਾਲ ਸਿੰਘ ਬਰਾੜ, ਨਛੱਤਰ ਸਿੰਘ ਦੰਦੀਵਾਲ, ਲਾਲ ਸਿੰਘ, ਗੁਰਜੰਟ ਸਿੰਘ ਬਰਨਾਲਾ, ਜਗਜੀਤ ਸਿੰਘ, ਕੇਸਰ ਸਿੰਘ ਕੂਨਰ, ਸੁਰਜੀਤ ਸਿੰਘ ਦਿਓ, ਗੁਰਮੀਤ ਸਿੰਘ ਸਿੱਧੂ, ਦਲੀਪ ਸਿੰਘ, ਅਵਤਾਰ ਸਿੰਘ ਸ਼ੇਰਗਿੱਲ, ਦਵਿੰਦਰ ਸਿੰਘ ਮਾਂਗਟ, ਅਮਰਜੀਤ ਕੌਰ ਮਾਂਗਟ, ਗੁਰਦਿਆਲ ਸਿੰਘ ਜੌਹਲ, ਕ੍ਰਿਸ਼ਨ ਬੈਕਟਰ, ਕਵਿੰਦਰ ਚਾਂਦ, ਹਰਚੰਦ ਬਾਗੜੀ, ਇੰਦਰਪਾਲ ਸਿੰਘ ਸੰਧੂ, ਚਰਨ ਵਿਰਦੀ, ਬਿੱਕਰ ਸਿੰਘ ਖੋਸਾ, ਹਰਸ਼ਰਨ ਕੌਰ, ਬਿੰਦੂ ਮਠਾੜੂ, ਇੰਦਰਜੀਤ ਸਿੰਘ ਧਾਮੀ, ਅਮਰੀਕ ਪਲਾਹੀ, ਪਰਮਿੰਦਰ ਕੌਰ ਬਾਗੜੀ ਸ਼ਾਮਲ ਹੋਏ।
ਸਭਾ ਵੱਲੋਂ ਸੁਰਜੀਤ ਕਲਸੀ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ ਭੇਂਟ ਕੀਤੇ ਗਏ ਅਤੇ ਬਾਬੂ ਸਿੰਘ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਮੀਟਿੰਗ ਵਿਚ ਸ਼ਾਮਿਲ ਹੋਏ ਵਿਦਵਾਨਾਂ, ਕਵੀਆਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।