ਪੀੜਤ ਪਰਿਵਾਰਾਂ ਤੇ ਪਿੰਡ ਵਾਸੀਆਂ ਵੱਲੋਂ ਸੜਕ ‘ਤੇ ਲਾਸ਼ ਰੱਖ ਕੇ ਚੱਕਾ ਜਾਮ; ਪੀਜੀ ਮਾਲਕ ਗ੍ਰਿਫ਼ਤਾਰ
ਐੱਸ.ਏ.ਐੱਸ. ਨਗਰ (ਮੁਹਾਲੀ), 14 ਨਵੰਬਰ (ਪੰਜਾਬ ਮੇਲ)- ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿਚ ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਦਮਨਪ੍ਰੀਤ ਸਿੰਘ (17) ਅਤੇ ਦਿਲਪ੍ਰੀਤ ਸਿੰਘ (16) ਵਾਸੀ ਕੁੰਭੜਾ ਵਜੋਂ ਹੋਈ ਹੈ। ਹਮਲਾਵਰ ਕੁੰਭੜਾ ‘ਚ ਹੀ ਪੀ.ਜੀ. ਵਿਚ ਰਹਿੰਦੇ ਸਨ, ਜੋ ਮਗਰੋਂ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦਮਨਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ‘ਤੇ ਸੈਂਟਰਲ ਥਾਣਾ ਫੇਜ਼-8 ਵਿਚ ਬੀਤੀ ਰਾਤ ਹੀ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਅੱਜ ਸਵੇਰੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦਮਨਪ੍ਰੀਤ ਦੀ ਲਾਸ਼ ਏਅਰਪੋਰਟ ਰੋਡ ‘ਤੇ ਰੱਖ ਕੇ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਹਮਲਾਵਰ ਫੜੇ ਨਹੀਂ ਜਾਂਦੇ, ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਮੌਕੇ ਦੇ ਗਵਾਹਾਂ ਮੁਤਾਬਕ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਖੂਹ ਨੇੜੇ ਬੈਠਾ ਸੀ। ਇਸ ਦੌਰਾਨ ਪ੍ਰਵਾਸੀ ਨੌਜਵਾਨ ਆਕਾਸ਼ ਦਾ ਮੋਟਰਸਾਈਕਲ ਦਮਨਪ੍ਰੀਤ ਅਤੇ ਦਿਲਪ੍ਰੀਤ ਨਾਲ ਟਕਰਾ ਗਿਆ ਤੇ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ। ਇਸ ਮਗਰੋਂ ਮੋਟਰਸਾਈਕਲ ਚਾਲਕ ਕੁਝ ਸਾਥੀਆਂ ਨਾਲ ਫਿਰ ਉੱਥੇ ਆ ਗਿਆ ਅਤੇ ਦੋਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਦਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦਿਲਪ੍ਰੀਤ ਸਿੰਘ ਨੇ ਅੱਜ ਦਮ ਤੋੜ ਦਿੱਤਾ।
ਉਧਰ, ਪੁਲਿਸ ਨੇ ਪੀ.ਜੀ. ਮਾਲਕ ਪ੍ਰਵੀਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ. ਹਰਬੀਰ ਸਿੰਘ ਅਟਵਾਲ ਅਤੇ ਡੀ.ਐੱਸ.ਪੀ. ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਸੀ.ਆਈ.ਏ. ਤੇ ਪੁਲਿਸ ਦੀਆਂ 11 ਟੀਮਾਂ ਬਣਾਈਆਂ ਗਈਆਂ ਹਨ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।