#PUNJAB

ਪ੍ਰਵਾਸੀ ਸਿੱਖ ਚਿੰਤਕ ਅਤੇ ਲੇਖਕ ਤਰਲੋਕ ਸਿੰਘ ਹੁੰਦਲ ਨਹੀਂ ਰਹੇ

ਕੈਨੇਡਾ ਵਿੱਚ ਲਿਆ ਆਖ਼ਰੀ ਸਾਹ
ਸਿੱਖ ਇਤਿਹਾਸ ਅਤੇ ਸਮਾਜਕ ਵਿਸ਼ਿਆਂ ‘ਤੇ ਲਿਖੀਆਂ ਸਨ ਚਾਰ ਕਿਤਾਬਾਂ

ਅੰਮ੍ਰਿਤਸਰ, 24 ਜਨਵਰੀ (ਪੰਜਾਬ ਮੇਲ)- ਸਾਹਿਤਕ ਅਤੇ ਪੰਥਕ ਹਲਕਿਆਂ ਵਿੱਚ ਇਹ ਖ਼ਬਰ ਬਹੁਤ ਦੁਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਵਾਸੀ ਸਿੱਖ ਚਿੰਤਕ ਅਤੇ ਵਿਦਵਾਨ ਸ੍ਰ. ਤਰਲੋਕ ਸਿੰਘ ਹੁੰਦਲ ਬੀਤੇ ਦਿਨੀਂ ਚਲਾਣਾ ਕਰ ਗਏ ਹਨ। ਆਪ ਇਹਨੀਂ ਦਿਨੀ ਬਰੈਂਪਟਨ ਵਿਖੇ ਰਹਿ ਰਹੇ ਸਨ। ਪੰਜਾਬ ਵਿੱਚ ਆਪ ਪਿੰਡ ਰਸੂਲਪੁਰ, ਫਿਲੌਰ ਦੇ ਵਾਸੀ ਸਨ। ਆਪ ਜੀ ਦਾ ਜਨਮ 07 ਮਾਰਚ 1945 ਨੂੰ ਅਣਵੰਡੇ ਪੰਜਾਬ ਵਿੱਚ ਹੋਇਆ ਸੀ। ਕਰੀਬ ਦੋ ਦਹਾਕੇ ਦੇ ਵੱਧ ਸਮੇਂ ਤੋਂ ਆਪ ਕੈਨੇਡਾ ਵਿੱਚ ਰਹਿ ਰਹੇ ਸਨ।
ਆਪ ਜੀ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਮਸਲਿਆਂ ਉੱਤੇ ਵੱਖ-ਵੱਖ ਪੰਜਾਬੀ ਅਖ਼ਬਾਰਾਂ ਵਿੱਚ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ। ਇਸ ਤੋਂ ਇਲਾਵਾ ਆਪ ਜੀ ਨੇ ‘ਗੁਰਮੁਖਿ ਵਿਆਹਣਿ ਆਇਆ’ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਵਿਆਹ ਬ੍ਰਿਤਾਂਤ, ‘ਡੱਲੇ ਵਾਸੀ ਸੰਗਤਿ ਭਾਰੀ’ ਇਤਿਹਾਸਕ ਨਗਰ ਡੱਲੇ ਬਾਬਤ ਖੋਜ ਭਰਪੂਰ ਪੁਸਤਕ, ’84 ਦੀ ਧੀ’ ਕਹਾਣੀਆਂ ਅਤੇ ਲੇਖ ਸੰਗ੍ਰਹਿ ਦੀ ਪੁਸਤਕ, ‘ਦੁੱਖੜੇ ਬਾਪੂ ਦੇ’ ਨਾਮੀਂ ਕੁੱਲ ਚਾਰ ਕਿਤਾਬਾਂ ਲਿਖੀਆਂ ਸਨ, ਜੋ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।
ਇਸ ਮੌਕੇ ਉਹਨਾਂ ਦੀਆਂ ਪੰਥਕ ਅਤੇ ਸਮਾਜ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਿੱਖ ਆਗੂ ਅਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਨਾ-ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਪਰਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਸਾਹਿਤਕਾਰ ਕਲਿਆਣ ਅਮ੍ਰਿਤਸਰੀ, ਕਹਾਣੀਕਾਰ ਸ੍ਰੀ ਵਰਿੰਦਰ ਅਜ਼ਾਦ, ਸਾਹਿਤਕਾਰ ਸ੍ਰ. ਸਤਿੰਦਰ ਸਿੰਘ ਓਠੀ, ਗੀਤਕਾਰ ਰਣਜੀਤ ਸਿੰਘ ਆਰਜੀਤ, ਸ੍ਰ. ਭੁਪਿੰਦਰ ਸਿੰਘ, ਸ. ਪਵਿੱਤਰਜੀਤ ਸਿੰਘ, ਗੁਰਪ੍ਰੀਤ ਸਿੰਘ ਰਾਜਾ ਹੰਸਪਾਲ, ਕੋਮਲਪ੍ਰੀਤ ਕੌਰ, ਮਨਬੀਰ ਕੌਰ, ਗੁਰਜੀਤ ਕੌਰ ਆਦਿ ਨੇ ਪਰਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ, ਪਰਮਾਤਮਾ ਦੇ ਭਾਣੇ ਨੂੰ ਮੰਨਣ ਦੀ ਸਮਰੱਥਾ ਦੀ ਮੰਗ ਕੀਤੀ।