ਪੈਰਿਸ, 5 ਅਗਸਤ (ਪੰਜਾਬ ਮੇਲ)- ਪੈਰਿਸ ਓਲੰਪਿਕ ਖੇਡਾਂ ਵਿਚ ਦੋ ਕਾਂਸੀ ਤਗ਼ਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਐਤਵਾਰ ਨੂੰ ਇੱਥੇ ਹੋਣ ਵਾਲੇ ਸਮਾਪਤੀ ਸਮਾਰੋਹ ਵਿਚ ਭਾਰਤ ਦੀ ਝੰਡਾਬਰਦਾਰ ਹੋਵੇਗੀ। ਮਨੂ ਨੇ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ ਵਿਚ ਭਾਰਤ ਦਾ ਖਾਤਾ ਖੋਲ੍ਹਿਆ ਸੀ। ਇਸ ਤਰ੍ਹਾਂ ਉਹ ਓਲੰਪਿਕ ਵਿਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ ਸੀ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਵਿਚ ਮਿਕਸਡ ਟੀਮ ਦਾ ਕਾਂਸੀ ਤਗ਼ਮਾ ਵੀ ਜਿੱਤਿਆ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਕਿਹਾ, ”ਮਨੂ ਨੂੰ ਝੰਡਾਬਰਦਾਰ ਦੇ ਰੂਪ ਵਿਚ ਚੁਣਿਆ ਗਿਆ ਹੈ। ਉਸ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਹ ਇਸ ਦੀ ਹੱਕਦਾਰ ਹੈ।”