#EUROPE

ਪੂਤਿਨ ਵੱਲੋਂ ਯੂਕਰੇਨ ‘ਤੇ 72 ਘੰਟੇ ਹਮਲੇ ਰੋਕਣ ਦੇ ਹੁਕਮ

ਅਮਰੀਕੀ ਅਧਿਕਾਰੀਆਂ ਦੇ ਦੌਰੇ ਤੋਂ ਬਾਅਦ 72 ਘੰਟੇ ਹਮਲੇ ਨਾ ਕਰਨ ‘ਤੇ ਸਹਿਮਤੀ ਬਣੀ
ਕੀਵ, 5 ਸਤੰਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ‘ਤੇ 72 ਘੰਟੇ ਹਮਲੇ ਰੋਕਣ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਅਮਰੀਕੀ ਸ਼ਾਂਤੀ ਦੂਤ ਸਟੀਵ ਵਿਟਕਾਫ ਅਤੇ ਜੇਰਡ ਕੁਸ਼ਨਰ ਨਵੀਂ ਕੂਟਨੀਤਕ ਗੱਲਬਾਤ ਲਈ ਮਾਸਕੋ ਅਤੇ ਕੀਵ ਦੇ ਦੌਰੇ ‘ਤੇ ਹਨ, ਜਿਸ ਦੇ ਮੱਦੇਨਜ਼ਰ ਯੂਕਰੇਨ ਨੇ ਹਵਾਈ ਹਮਲਿਆਂ ਨੂੰ ਅਸਥਾਈ ਤੌਰ ‘ਤੇ ਰੋਕਣ ਦੀ ਤਜਵੀਜ਼ ਰੱਖੀ ਹੈ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਜੇਕਰ ਰੂਸ ਅਮਰੀਕਾ ਦੀ ਹਮਾਇਤ ਵਾਲੀ ਗੱਲਬਾਤ ਦੌਰਾਨ ਅਜਿਹਾ ਕਰਦਾ ਹੈ, ਤਾਂ ਕੀਵ ਵੀ ਆਪਣੇ ਹਵਾਈ ਹਮਲੇ ਰੋਕਣ ਲਈ ਤਿਆਰ ਹੈ। ਅਮਰੀਕੀ ਦੂਤ ਦੋਵਾਂ ਪਾਸਿਆਂ ਵਿਚਕਾਰ ਪਾੜੇ ਨੂੰ ਘਟਾਉਣ ਅਤੇ ਇਸ ਸੰਘਰਸ਼ ਨੂੰ ਖਤਮ ਕਰਨ ਲਈ ਜ਼ੋਰ ਦੇਣ ਵਾਸਤੇ ਮਾਸਕੋ ਅਤੇ ਕੀਵ ਦਾ ਦੌਰਾ ਕਰ ਰਹੇ ਹਨ।
ਵਾਸ਼ਿੰਗਟਨ ਵੱਲੋਂ ਇਸ ਨਵੀਂ ਪਹਿਲਕਦਮੀ ਨਾਲ ਕੂਟਨੀਤਕ ਚੈਨਲ ਮੁੜ ਸੁਰਜੀਤ ਹੋ ਗਏ ਹਨ। ਇਸ ਤੋਂ ਪਹਿਲਾਂ, ਅਮਰੀਕਾ, ਰੂਸ ਅਤੇ ਯੂਕਰੇਨ ਵਿਚਕਾਰ ਹੋਈ ਤਿਪੱਖੀ ਸ਼ਾਂਤੀ ਗੱਲਬਾਤ ਵਿਚ ਰਣਨੀਤਕ ਬਦਲਾਅ ਅਤੇ ਇਰਾਨ ਨਾਲ ਜੁੜੇ ਮੱਧ ਪੂਰਬੀ ਸੰਘਰਸ਼ ਕਾਰਨ ਇਸ ਸਾਲ ਰੁਕਾਵਟਾਂ ਅਤੇ ਦੇਰੀ ਦੇਖਣ ਨੂੰ ਮਿਲੀ ਸੀ।
ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਯੁੱਧ ਨੂੰ ਖ਼ਤਮ ਕਰਨ ਲਈ ਨਵੇਂ ਸਿਰਿਓਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਆਉਣ ਵਾਲੇ ਦਿਨਾਂ ਵਿਚ ਅਮਰੀਕੀ ਪ੍ਰਤੀਨਿਧੀ ਕੀਵ ਆਉਣਗੇ। ਜੰਗ ਪੰਜਵੇਂ ਸਾਲ ਵਿਚ ਦਾਖ਼ਲ ਹੋ ਚੁੱਕੀ ਹੈ ਤੇ ਰੂਸ ਅਤੇ ਯੂਕਰੇਨ ਵਿਚਕਾਰ ਹਵਾਈ ਟਕਰਾਅ ਤੇਜ਼ ਹੋ ਗਿਆ ਹੈ। ਰੂਸੀ ਫ਼ੌਜਾਂ ਨੇ ਲਗਾਤਾਰ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਪਹਿਲਾਂ, ਹਮਲੇ ਜ਼ਿਆਦਾਤਰ ਰਾਤ ਨੂੰ ਹੁੰਦੇ ਸਨ, ਪਰ ਹੁਣ ਦਿਨ ਵੇਲੇ ਵੀ ਹੋ ਰਹੇ ਹਨ। ਭਾਵੇਂ ਸਮਝੌਤੇ ਲਈ ਅਮਰੀਕੀ ਯਤਨਾਂ ਨੇ ਅਜੇ ਤੱਕ ਸ਼ਾਂਤੀ ਦਾ ਕੋਈ ਰਸਤਾ ਤਿਆਰ ਨਹੀਂ ਕੀਤਾ, ਪਰ ਵੀਰਵਾਰ ਨੂੰ ਆਪਣੇ ਸੰਬੋਧਨ ਵਿਚ ਜ਼ੇਲੈਂਸਕੀ ਨੇ ਕਿਹਾ ਕਿ ਮਾਸਕੋ ਅਤੇ ਕੀਵ ਦੋਵਾਂ ਵਿਚ ਮੀਟਿੰਗਾਂ ਲਈ ਸ਼ੁਰੂਆਤੀ ਤਰੀਕਾਂ ਤੈਅ ਕਰ ਦਿੱਤੀਆਂ ਗਈਆਂ ਹਨ। ਯੂਕਰੇਨ ਦੀ ਗੱਲਬਾਤ ਕਰਨ ਵਾਲੀ ਟੀਮ ਅਮਰੀਕੀ ਧਿਰ ਦੇ ਲਗਾਤਾਰ ਸੰਪਰਕ ਵਿਚ ਹੈ ਅਤੇ ਗੱਲਬਾਤ ਦੀ ਤਿਆਰੀ ਕਰ ਰਹੀ ਹੈ।
ਜ਼ੇਲੈਂਸਕੀ ਨੇ ਕਿਹਾ, ”ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਇੱਕ ਮੀਟਿੰਗ ਮਾਸਕੋ ਵਿਚ ਅਤੇ ਦੂਜੀ ਕੀਵ ਵਿਚ ਹੋਵੇਗੀ। ਸਾਨੂੰ ਉਮੀਦ ਹੈ ਕਿ ਬਾਅਦ ਵਾਲੀ ਮੀਟਿੰਗ ਆਉਣ ਵਾਲੇ ਦਿਨਾਂ ਵਿਚ ਹੋਵੇਗੀ। ਇਹ ਬਹੁਤ ਅਹਿਮ ਹੈ। ਇਹ ਮਹੱਤਵਪੂਰਨ ਹੈ ਕਿ ਅਮਰੀਕਾ ਸਰਗਰਮੀ ਨਾਲ ਹਿੱਸਾ ਲਵੇ। ਯੂਕਰੇਨ ਠੋਸ ਗੱਲਬਾਤ ਲਈ ਤਿਆਰ ਹੈ।”
ਇਨ੍ਹਾਂ ਦੇ ਬਿਆਨ ਤੋਂ ਬਾਅਦ ਹੀ ਰਾਤ ਵੇਲੇ ਯੂਕਰੇਨ ਦੇ ਕੀਵ ਵਿਚ ਰੂਸ ਵੱਲੋਂ ਡਰੋਨ ਹਮਲਾ ਕੀਤਾ ਗਿਆ, ਜਿਸ ਵਿਚ ਯੂਕਰੇਨ ਦੀ ਐੱਸ.ਬੀ.ਯੂ. ਸੁਰੱਖਿਆ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤਾਜ਼ਾ ਹਮਲੇ ਕਾਰਨ ਕੀਵ ਦੇ ਇਤਿਹਾਸਕ ਸ਼ਹਿਰ ਦੇ ਕੇਂਦਰ ਵਿਚ ਸੰਘਣਾ ਧੂੰਆਂ ਉੱਠਦਾ ਦੇਖਿਆ ਗਿਆ। ਸ਼ਹਿਰ ਦੇ ਮੇਅਰ ਅਨੁਸਾਰ ਇਸ ਘਟਨਾ ਵਿਚ 12 ਲੋਕ ਜ਼ਖ਼ਮੀ ਹੋ ਗਏ।
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਟੈਲੀਗ੍ਰਾਮ ਐਪ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਡਰੋਨ ਸਿੱਧਾ ਉਸ ਇਮਾਰਤ ਵਿਚ ਸੁਰੱਖਿਆ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਲਈ ਭੇਜਿਆ ਗਿਆ ਸੀ। ਉਨ੍ਹਾਂ ਇਸ ਹਮਲੇ ਦਾ ਸਖ਼ਤ ਬਦਲਾ ਲੈਣ ਦਾ ਅਹਿਦ ਲਿਆ।
ਇਸ ਤੋਂ ਪਹਿਲਾਂ ਰੂਸ ਵੱਲੋਂ ਵੀਰਵਾਰ ਰਾਤ ਸ਼ੁਰੂ ਕੀਤੇ ਹਮਲਿਆਂ ਕਾਰਨ ਯੂਕਰੇਨ ਵਿਚ ਘੱਟੋ-ਘੱਟ ਤਿੰਨ ਮੌਤਾਂ ਹੋਈਆਂ ਹਨ।