#CANADA

ਵਿਨੀਪੈਗ ‘ਚ ਨਗਰ ਕੀਰਤਨ ਤੋਂ ਪਹਿਲਾਂ ਨਸਲੀ ਅਤੇ ਧਮਕੀ ਭਰੀ ਲਿਖਤ ਨੇ ਸਿੱਖ ਭਾਈਚਾਰੇ ‘ਚ ਚਿੰਤਾ

ਵਿਨੀਪੈੱਗ, 5 ਸਤੰਬਰ (ਪੰਜਾਬ ਮੇਲ)- ਨਗਰ ਕੀਰਤਨ ਦੀਆਂ ਤਿਆਰੀਆਂ ਦਰਮਿਆਨ ਵਿਨੀਪੈਗ ‘ਚ ਇੱਕ ਰੋਡ ਕਲੋਜ਼ਰ ਨੋਟਿਸ ‘ਤੇ ਕੀਤੀ ਗਈ ਨਸਲੀ ਅਤੇ ਧਮਕੀ ਭਰੀ ਲਿਖਤ ਨੇ ਸਿੱਖ ਭਾਈਚਾਰੇ ‘ਚ ਚਿੰਤਾ ਪੈਦਾ ਕਰ ਦਿੱਤੀ ਹੈ। ਸੜਕ ਬੰਦ ਹੋਣ ਸਬੰਧੀ ਲਗਾਏ ਗਏ ਅਧਿਕਾਰਤ ਸਾਈਨ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਖ ਭਾਈਚਾਰੇ ਨੂੰ ”ਭਾਰਤ ਵਾਪਸ ਜਾਣ” ਲਈ ਲਿਖਿਆ ਗਿਆ। ਲਿਖਤ ਵਿਚ ਹਿੰਸਕ ਧਮਕੀ ਵਾਲੇ ਸ਼ਬਦ ਵੀ ਦਰਜ ਹਨ।
ਇਹ ਘਟਨਾ 6 ਸਤੰਬਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ।
ਸਿੱਖ ਸੋਸਾਇਟੀ ਆਫ਼ ਮੈਨੀਟੋਬਾ ਦੀ ਅਗਵਾਈ ਹੇਠ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਨਗਰ ਕੀਰਤਨ ਮੈਮੋਰੀਅਲ ਪਾਰਕ ਤੋਂ ਸ਼ੁਰੂ ਹੋ ਕੇ ਵਾਪਸ ਇਸੇ ਥਾਂ ‘ਤੇ ਆਵੇਗਾ। ਹਰ ਸਾਲ ਇਸ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੁੰਦੇ ਹਨ।
ਅਜਿਹੇ ਮਾਹੌਲ ਵਿਚ ਕਿਸੇ ਧਾਰਮਿਕ ਸਮਾਗਮ ਦੇ ਰੂਟ ਨਾਲ ਜੁੜੇ ਸਾਈਨ ‘ਤੇ ਨਫ਼ਰਤੀ ਅਤੇ ਧਮਕੀ ਭਰੀ ਲਿਖਤ ਸਾਹਮਣੇ ਆਉਣਾ ਗੰਭੀਰ ਮਾਮਲਾ ਹੈ। ”ਵਾਪਸ ਭਾਰਤ ਜਾਓ” ਵਰਗੀ ਭਾਸ਼ਾ ਸਿਰਫ਼ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਉਂਦੀ, ਬਲਕਿ ਇੱਥੇ ਵੱਸ ਰਹੇ ਪੂਰੇ ਭਾਈਚਾਰੇ ਦੀ ਪਹਿਚਾਣ ਅਤੇ ਹੱਕਾਂ ‘ਤੇ ਸਵਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੀ ਹੈ।
ਵਿਨੀਪੈਗ ਸਮੇਤ ਮੈਨੀਟੋਬਾ ਵਿਚ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਸਮਾਜ ਦਾ ਅਹਿਮ ਹਿੱਸਾ ਹੈ। ਕਾਰੋਬਾਰ, ਸੇਵਾ, ਸੱਭਿਆਚਾਰ ਅਤੇ ਕਮਿਊਨਿਟੀ ਜੀਵਨ ਵਿਚ ਇਸ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ।
ਹੁਣ ਸਭ ਤੋਂ ਵੱਡਾ ਸਵਾਲ ਸੁਰੱਖਿਆ ਅਤੇ ਜਵਾਬਦੇਹੀ ਦਾ ਹੈ। ਜੇਕਰ ਨਫ਼ਰਤੀ ਲਿਖਤ ਦੇ ਨਾਲ ਹਿੰਸਾ ਦੀ ਧਮਕੀ ਵੀ ਦਿੱਤੀ ਗਈ ਹੈ ਤਾਂ ਮਾਮਲੇ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ। ਜ਼ਿੰਮੇਵਾਰ ਵਿਅਕਤੀ ਦੀ ਪਛਾਣ ਅਤੇ ਕਾਨੂੰਨ ਅਨੁਸਾਰ ਕਾਰਵਾਈ ਲਾਜ਼ਮੀ ਹੈ। ਨਫ਼ਰਤ ਦਾ ਜਵਾਬ ਡਰ ਨਾਲ ਨਹੀਂ, ਕਾਨੂੰਨ, ਏਕਤਾ ਅਤੇ ਸਾਂਝੀ ਆਵਾਜ਼ ਨਾਲ ਦਿੱਤਾ ਜਾਣਾ ਚਾਹੀਦਾ ਹੈ। ਵਿਨੀਪੈਗ ਦੀਆਂ ਸੜਕਾਂ ‘ਤੇ ਨਗਰ ਕੀਰਤਨ ਦਾ ਸੰਦੇਸ਼ ਸਾਫ਼ ਹੈ—ਨਫ਼ਰਤ ਨਹੀਂ, ਸੇਵਾ ਅਤੇ ਸਾਂਝ।