ਬਰੈਂਟਵੁੱਡ (ਕੈਲੀਫੋਰਨੀਆ), 9 ਜੁਲਾਈ (ਪੰਜਾਬ ਮੇਲ)- ਪੰਜਾਬੀ ਕਲਚਰਲ ਅਸੋਸੀਏਸ਼ਨ (ਪੀ.ਸੀ.ਏ.) ਬਰੈਂਟਵੁੱਡ ਵੱਲੋਂ 4 ਜੁਲਾਈ ਦੀ ਆਜ਼ਾਦੀ ਦਿਵਸ ਦੀ ਪਰੇਡ ਦੌਰਾਨ ਹਜ਼ਾਰਾਂ ਲੋਕਾਂ ਨੂੰ ਠੰਡਾ ਪਾਣੀ ਅਤੇ ਜੂਸ ਵੰਡ ਕੇ ਨਿਸ਼ਕਾਮ ਸੇਵਾ ਕੀਤੀ ਗਈ। ਇਸ ਮੌਕੇ ‘ਤੇ 5000 ਤੋਂ ਵੱਧ ਪਾਣੀ ਦੀਆਂ ਬੋਤਲਾਂ ਅਤੇ 2000 ਤੋਂ ਵੱਧ ਜੂਸ ਦੀਆਂ ਬੋਤਲਾਂ ਵੰਡੀਆਂ ਗਈਆਂ। ਇਹ ਸੇਵਾ 50 ਤੋਂ ਵੱਧ ਵਲੰਟੀਅਰਾਂ ਨੇ ਕੀਤੀ।

ਪੀ.ਸੀ.ਏ. ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੀ.ਸੀ.ਏ. ਹਮੇਸ਼ਾ ਇੱਛਾ ਕਰਦਾ ਹੈ ਕਿ ਉਹ ਅਜਿਹੀ ਸੇਵਾ ਕਰਕੇ 4 ਜੁਲਾਈ ਪਰੇਡ ਦਾ ਹਿੱਸਾ ਬਣੇ, ਤਾਂ ਜੋ ਸਮਾਜ ਨਾਲ ਜੁੜ ਕੇ ਚੰਗਾ ਯੋਗਦਾਨ ਪਾਇਆ ਜਾ ਸਕੇ। ਭੁਪਿੰਦਰ ਬਾਜਵਾ ਨੇ ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਸੀ.ਏ. ਬਰੈਂਟਵੁੱਡ ਜਲਦੀ ਆਉਣ ਵਾਲੇ ਦੋ ਮਹੀਨਿਆਂ ਦੌਰਾਨ ਖੂਨਦਾਨ ਕੈਂਪ ਲਗਾਉਣ ਜਾ ਰਿਹਾ ਹੈ। ਖੂਨਦਾਨ ਕੈਂਪ ਦੀਆਂ ਤਰੀਖਾਂ ਜਲਦ ਹੀ ਨਸ਼ਰ ਕੀਤੀਆਂ ਜਾਣਗੀਆਂ।
ਬਰੈਂਟਵੁੱਡ ਦੀ ਮੇਅਰ ਸੁਜ਼ਾਨਾ ਮਾਇਰ ਖ਼ਾਸ ਤੌਰ ‘ਤੇ ਪੀ.ਸੀ.ਏ. ਦੇ ਬੂਥ ‘ਤੇ ਪਹੁੰਚੇ ਅਤੇ ਸਾਰੇ ਵਲੰਟੀਅਰਾਂ ਤੇ ਸਪਾਂਸਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀ.ਸੀ.ਏ. ਪਹਿਲਾਂ ਹੀ ਕਮਿਊਨਟੀ ਵਿਚ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਉਹ ਭਵਿੱਖ ਵਿਚ ਪੀ.ਸੀ.ਏ. ਬਰੈਂਟਵੁੱਡ ਵੱਲੋ ਹੋਣ ਵਾਲੀਆਂ ਹੋਰ ਗਤੀਵਿਧੀਆਂ ਦੀ ਉਡੀਕ ਕਰ ਰਹੀ ਹੈ।
ਇਸ ਪਰੇਡ ਵਿਚ ਜਲ ਦੀ ਸੇਵਾ ਨੂੰ ਕਾਮਯਾਬ ਕਰਨ ਵਿਚ ਖਾਸ ਤੌਰ ‘ਤੇ ਰਾਜਵੀਰ ਸਿੰਘ ਸਰਕਾਰੀਆਂ, ਸਤਵਿੰਦਰ ਸਿੰਘ ਸੰਘੂ, ਸਚਿਨ ਮੂਰਤੀ, ਸਨੀ ਸਰਕਾਰੀਆਂ, ਸਤਵਿੰਦਰ ਮਾਨਹੇੜਾ, ਜਗਦੀਪ ਸਿੰਘ ਗਿੱਲ ਤੇ ਸੰਦੀਪ ਸਿਘ ਦਾ ਅਹਿਮ ਯੋਗਦਾਨ ਰਿਹਾ।