#OTHERS

ਪਿਛਲੇ ਪੰਜ ਸਾਲਾਂ ‘ਚ 159 ਭਾਰਤੀਆਂ ਸਮੇਤ 214 ਵਿਦੇਸ਼ੀਆਂ ਨੂੰ ਮਿਲੀ ਪਾਕਿਸਤਾਨੀ ਨਾਗਰਿਕਤਾ

ਇਸਲਾਮਾਬਾਦ, 27 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਿਛਲੇ ਪੰਜ ਸਾਲਾਂ ਵਿਚ 214 ਵਿਦੇਸ਼ੀਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 159 ਭਾਰਤੀ ਸਨ। ਰਿਪੋਰਟਾਂ ਵਿਚ ਦੱਸਿਆ ਗਿਆ ਕਿ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਲੋਕਾਂ ਨੂੰ ਵਿਆਹ ਅਤੇ ਪਰਿਵਾਰਕ ਸਬੰਧਾਂ ਸਮੇਤ ਕਈ ਕਾਰਨਾਂ ਕਰਕੇ ਨਾਗਰਿਕਤਾ ਦਿੱਤੀ। ਅਧਿਕਾਰਤ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ 55 ਨਾਗਰਿਕਾਂ ਨੂੰ ਵੀ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ।
ਡੇਲੀ ਪਾਕਿਸਤਾਨ ਦੀ ਰਿਪੋਰਟ ਮੁਤਾਬਕ 2019 ਵਿਚ 55 ਭਾਰਤੀਆਂ ਨੂੰ, 2018 ਵਿਚ 43, 2020 ਅਤੇ 2021 ਵਿਚ 27 ਅਤੇ 2022 ਵਿਚ 18 ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਰਿਪੋਰਟ ਮੁਤਾਬਕ ਹਜ਼ਾਰਾਂ ਅਰਜ਼ੀਆਂ ਅਜੇ ਵੀ ਮਨਜ਼ੂਰੀ ਲਈ ਸਬੰਧਤ ਮੰਤਰਾਲੇ ਕੋਲ ਪੈਂਡਿੰਗ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਦੇਸ਼ੀਆਂ ਨੂੰ ਪਾਕਿਸਤਾਨ ‘ਚ ਵਿਆਹ, ਪਰਿਵਾਰਕ ਸਬੰਧਾਂ, ਪੇਸ਼ੇ ਜਾਂ ਲੰਬੇ ਸਮੇਂ ਤੱਕ ਰਹਿਣ ਕਾਰਨ ਨਾਗਰਿਕਤਾ ਦਿੱਤੀ ਗਈ ਸੀ। ਰਿਪੋਰਟ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਪਿਛਲੇ 5 ਸਾਲਾਂ ‘ਚ 11 ਅਫਗਾਨ ਨਾਗਰਿਕਾਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਹੈ।  2022 ਵਿਚ 4, 2021 ਵਿਚ 1, 2020 ਵਿਚ 3, 2019 ਵਿਚ 2 ਅਤੇ 2018 ਵਿਚ 1 ਨੂੰ ਨਾਗਰਿਕਤਾ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ 5 ਸਾਲਾਂ ‘ਚ 3 ਚੀਨੀ ਨਾਗਰਿਕਾਂ ਨੂੰ ਵੀ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਇੰਨਾ ਹੀ ਨਹੀਂ, ਪਿਛਲੇ 5 ਸਾਲਾਂ ‘ਚ 4 ਬ੍ਰਿਟਿਸ਼, 4 ਬੰਗਲਾਦੇਸ਼ੀ, 3 ਅਮਰੀਕੀ, 2 ਕੈਨੇਡੀਅਨ, 1 ਇਟਾਲੀਅਨ, 1 ਸਵਿਸ ਨਾਗਰਿਕ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ। ਇਸੇ ਸਮੇਂ ਦੌਰਾਨ ਬਰਮਾ, ਫਿਲੀਪੀਨਜ਼, ਮਾਲਡੋਵਾ, ਕਿਰਗਿਸਤਾਨ, ਨੇਪਾਲ ਆਦਿ ਦੇ 20 ਤੋਂ ਵੱਧ ਨਾਗਰਿਕਾਂ ਨੂੰ ਪਾਕਿਸਤਾਨੀ ਨਾਗਰਿਕਤਾ ਮਿਲੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਰ.ਟੀ.ਆਈ. ਕਾਰਕੁੰਨ ਜੀਸ਼ਾਨ ਹੈਦਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਇੱਕ ਆਰ.ਟੀ.ਆਈ. ਦਾਇਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਪਹੁੰਚ ਕੀਤੀ ਸੀ ਕਿ 2015 ਤੋਂ ਫਰਵਰੀ 2020 ਤੱਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਕਿੰਨੇ ਨਾਗਰਿਕਾਂ ਨੇ ਭਾਰਤੀ ਨਾਗਰਿਕਤਾ ਲਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗ੍ਰਹਿ ਮੰਤਰਾਲੇ ਦੇ ਵਿਦੇਸ਼ ਵਿਭਾਗ ਨੇ ਦੱਸਿਆ ਕਿ 6 ਸਾਲਾਂ ‘ਚ 56 ਦੇਸ਼ਾਂ ਦੇ 19,034 ਨਾਗਰਿਕਾਂ ਨੇ ਭਾਰਤੀ ਨਾਗਰਿਕਤਾ ਲਈ। ਇਨ੍ਹਾਂ ਵਿਚੋਂ ਸਭ ਤੋਂ ਵੱਧ 2838 ਨਾਗਰਿਕ ਪਾਕਿਸਤਾਨ ਦੇ ਸਨ।

Leave a comment