ਇਸਲਾਮਾਬਾਦ/ਲਾਹੌਰ, 18 ਦਸੰਬਰ (ਪੰਜਾਬ ਮੇਲ)-ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ‘ਤੇ ਲਗਾਈ ਗਈ ਪਾਬੰਦੀ ਨੂੰ ਇਕ ਮਹੀਨੇ ਲਈ ਵਧਾ ਕੇ 23 ਜਨਵਰੀ ਤੱਕ ਕਰ ਦਿੱਤਾ ਹੈ।
ਪਾਕਿਸਤਾਨ ਨੇ ਅਪ੍ਰੈਲ ਵਿਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਜਵਾਬੀ ਕਾਰਵਾਈ ਵਜੋਂ ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ‘ਤੇ ਅਜਿਹੀ ਹੀ ਪਾਬੰਦੀ ਲਗਾਈ ਹੋਈ ਹੈ। ਪਹਿਲਾਂ ਲਗਾਈ ਗਈ ਪਾਬੰਦੀ 24 ਦਸੰਬਰ ਨੂੰ ਖਤਮ ਹੋਣੀ ਸੀ, ਪਰ ਪਾਕਿਸਤਾਨ ਏਅਰਪੋਰਟ ਅਥਾਰਟੀ ਨੇ ਬੁੱਧਵਾਰ ਨੂੰ ਇਸ ਨੂੰ 23 ਜਨਵਰੀ, 2026 ਤੱਕ ਵਧਾਉਣ ਦਾ ਐਲਾਨ ਕੀਤਾ।
ਪਾਕਿਸਤਾਨੀ ਹਵਾਈ ਖੇਤਰ ਭਾਰਤ ਵਿਚ ਰਜਿਸਟਰਡ ਸਾਰੇ ਜਹਾਜ਼ਾਂ ਲਈ ਬੰਦ ਰਹੇਗਾ। ਇਸ ਵਿਚ ਭਾਰਤੀ ਏਅਰਲਾਈਨਾਂ ਦੇ ਮਾਲਕੀ ਵਾਲੇ, ਸੰਚਾਲਿਤ ਜਾਂ ਲੀਜ਼ ‘ਤੇ ਲਏ ਜਹਾਜ਼ਾਂ ਦੇ ਨਾਲ-ਨਾਲ ਭਾਰਤੀ ਫੌਜੀ ਉਡਾਣਾਂ ਵੀ ਸ਼ਾਮਲ ਹਨ। ਹਵਾਬਾਜ਼ੀ ਨੋਟਿਸ ਅਨੁਸਾਰ ਇਹ ਪਾਬੰਦੀ ਪਾਕਿਸਤਾਨ ਦੇ ਦੋਵੇਂ ਫਲਾਈਟ ਇਨਫਰਮੇਸ਼ਨ ਖੇਤਰਾਂ ਕਰਾਚੀ ਅਤੇ ਲਾਹੌਰ ‘ਤੇ ਲਾਗੂ ਹੋਵੇਗੀ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅਪ੍ਰੈਲ ਮਹੀਨੇ ਹੋਏ ਇਕ ਅੱਤਵਾਦੀ ਹਮਲੇ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਮਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨਾਂ ਦਾ ਟਕਰਾਅ ਚੱਲਿਆ ਸੀ। ਉਦੋਂ ਤੋਂ ਹੀ ਇਸਲਾਮਾਬਾਦ ਨੇ ਕਈ ਵਾਰ ਭਾਰਤੀ ਜਹਾਜ਼ਾਂ ਦੇ ਆਪਣੇ ਅਸਮਾਨ ਤੋਂ ਲੰਘਣ ‘ਤੇ ਪਾਬੰਦੀ ਵਧਾਈ ਹੈ।
ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਦੀ ਪਾਬੰਦੀ ‘ਚ ਇਕ ਮਹੀਨੇ ਦਾ ਹੋਰ ਵਾਧਾ

