* ਧਾਰਮਿਕ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਨੇ ਮੁਸਲਿਮ ਵਿਅਕਤੀ ਨਾਲ ਕਰ ਲਿਆ ਸੀ ਨਿਕਾਹ
ਗੁਰਦਾਸਪੁਰ/ਲਾਹੌਰ, 9 ਮਾਰਚ (ਪੰਜਾਬ ਮੇਲ)- ਧਾਰਮਿਕ ਜਥੇ ਨਾਲ ਪਾਕਿਸਤਾਨ ਗਈ ਭਾਰਤੀ ਪੰਜਾਬ ਦੀ ਮਹਿਲਾ ਸਰਬਜੀਤ ਕੌਰ, ਜਿਸ ਨੇ ਉਥੇ ਇਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ, ਨੇ ਹੁਣ ਆਪਣੇ ਬਿਆਨ ਫਿਰ ਤੋਂ ਬਦਲ ਲਿਆ ਹੈ। ਆਪਣੇ ਬਿਆਨ ਬਦਲਦਿਆਂ ਹੋਇਆ ਸਰਬਜੀਤ ਕੌਰ ਨੇ ਭਾਰਤ ਵਾਪਸੀ ਦੀ ਗੁਹਾਰ ਲਗਾਈ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਸਰਬਜੀਤ ਨੇ ਪਾਕਿਸਤਾਨੀ ਵਕੀਲ ਅਲੀ ਚੰਗੇਜ਼ੀ ਸੰਧੂ ਅਤੇ ਆਪਣੇ ਭਾਰਤੀ ਪਤੀ ਕਰਨੈਲ ਸਿੰਘ ਨਾਲ ਸੰਪਰਕ ਕਰ ਕੇ ਭਾਰਤ ਵਾਪਸ ਆਉਣ ਵਿਚ ਮਦਦ ਮੰਗੀ ਹੈ।
ਦੱਸ ਦੇਈਏ ਕਿ ਸਰਬਜੀਤ ਦਾ ਵਕੀਲ ਨਾਲ ਗੱਲਬਾਤ ਕਰਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਸਰਬਜੀਤ ਕੌਰ ਪਾਕਿਸਤਾਨ ਵਿਚ ਆਪਣੇ ਹਲਾਤ ਦੱਸਦਿਆਂ ਭਾਵੁਕ ਹੁੰਦੀ ਦਿਖਾਈ ਦੇ ਰਹੀ ਹੈ। ਵਕੀਲ ਅਨੁਸਾਰ, ਸਰਬਜੀਤ ਨੇ ਦੱਸਿਆ ਕਿ ਉਹ ਨਾਸਿਰ ਹੁਸੈਨ ਕੋਲ ਮੌਜੂਦ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਡਿਲੀਟ ਕਰਵਾਉਣ ਲਈ ਪਾਕਿਸਤਾਨ ਆਈ ਸੀ। ਹਾਲਾਂਕਿ, ਨਾਸਿਰ ਨੇ ਉਨ੍ਹਾਂ ਤਸਵੀਰਾਂ ਦੀ ਵਰਤੋਂ ਕਰ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ।
ਸਰਬਜੀਤ ਨੇ ਦੱਸਿਆ ਕਿ ਉਹ ਲਾਹੌਰ ਹਾਈ ਕੋਰਟ ਵਿਚ ਆਪਣਾ ਪੱਖ ਰੱਖਣਾ ਚਾਹੁੰਦੀ ਸੀ। 6 ਮਾਰਚ ਨੂੰ ਜਦੋਂ ਇਕ ਟੈਕਸੀ ਉਸ ਨੂੰ ਅਦਾਲਤ ਲਿਜਾਣ ਲਈ ਆਈ, ਤਾਂ ਨਾਸਿਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਘਰੋਂ ਬਾਹਰ ਜਾਣ ਤੋਂ ਜ਼ਬਰਦਸਤੀ ਰੋਕ ਦਿੱਤਾ ਅਤੇ ਧਮਕੀਆਂ ਦਿੱਤੀਆਂ। ਸਰਬਜੀਤ ਨੇ ਹੁਣ ਨਾਸਿਰ, ਉਸ ਦੀ ਪਹਿਲੀ ਪਤਨੀ ਅਤੇ ਧੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਇਰਾਦਾ ਪ੍ਰਗਟਾਇਆ ਹੈ।
ਗੱਲਬਾਤ ਦੌਰਾਨ ਵਕੀਲ ਨੇ ਜਦੋਂ ਪੁੱਛਿਆ ਕਿ ਕੀ ਉਹ ਪਾਕਿਸਤਾਨ ਰਹਿਣਾ ਚਾਹੁੰਦੀ ਹੈ, ਤਾਂ ਸਰਬਜੀਤ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਭਾਰਤ ਵਾਪਸ ਜਾਣਾ ਚਾਹੁੰਦੀ ਹੈ। ਉਸ ਨੇ ਕਿਹਾ, ‘ਜੇਕਰ ਮੈਨੂੰ ਅਦਾਲਤ ਜਾਣ ਦਿੱਤਾ ਜਾਂਦਾ ਤਾਂ ਸਥਿਤੀ ਉਦੋਂ ਹੀ ਸਾਫ਼ ਹੋ ਜਾਣੀ ਸੀ।’ ਵਕੀਲ ਨੇ ਉਸ ਨੂੰ ਭਰੋਸਾ ਦਿੱਤਾ ਕਿ ਆਪਣੇ ਦੇਸ਼ ਵਾਪਸ ਜਾਣਾ ਉਸ ਦਾ ਕਾਨੂੰਨੀ ਅਧਿਕਾਰ ਹੈ ਅਤੇ ਅਦਾਲਤ ਉਸ ਨੂੰ ਨਹੀਂ ਰੋਕੇਗੀ। ਸਰਬਜੀਤ ਨੇ ਭਾਰਤ ਵਾਪਸੀ ‘ਤੇ ਜਾਂਚ ਏਜੰਸੀਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਡਰ ਵੀ ਪ੍ਰਗਟਾਇਆ, ਜਿਸ ‘ਤੇ ਵਕੀਲ ਨੇ ਉਸ ਨੂੰ ਧਰਵਾਸ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਵਾਪਸ ਜਾ ਰਹੀ ਹੈ, ਇਸ ਲਈ ਉਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਦੂਜੇ ਪਾਸੇ, ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਲਾਹੌਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਰਬਜੀਤ ਨੇ ਅਜੇ ਤੱਕ ਉਸ ਨੂੰ ਤਲਾਕ ਨਹੀਂ ਦਿੱਤਾ ਹੈ, ਇਸ ਲਈ ਉਸ ਦਾ ਦੂਜਾ ਨਿਕਾਹ ਗੈਰ-ਕਾਨੂੰਨੀ ਹੈ। ਕਰਨੈਲ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਰਬਜੀਤ ਨੂੰ ਪਾਕਿਸਤਾਨ ਤੋਂ ਡਿਪੋਰਟ ਕਰ ਕੇ ਤੁਰੰਤ ਭਾਰਤ ਭੇਜਿਆ ਜਾਵੇ।
ਪਾਕਿਸਤਾਨ ਗਈ ਸਰਬਜੀਤ ਕੌਰ ਨੇ ਭਾਰਤ ਵਾਪਸੀ ਦੀ ਗੁਹਾਰ ਲਗਾਈ
