ਇਸਲਾਮਾਬਾਦ, 30 ਅਕਤਬੂਰ (ਪੰਜਾਬ ਮੇਲ)-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇ ਤਾਲਿਬਾਨ ਨੇ ਉਨ੍ਹਾਂ ਦੇ ਮੁਲਕ ‘ਤੇ ਦਹਿਸ਼ਤੀ ਹਮਲੇ ਦੀ ਹਿਮਾਕਤ ਕੀਤੀ ਤਾਂ ਉਸ ਨੂੰ ਮਿਟਾ ਕੇ ਮੁੜ ਗੁਫ਼ਾਵਾਂ ‘ਚ ਭੇਜ ਦਿੱਤਾ ਜਾਵੇਗਾ। ਇਸਤਾਂਬੁਲ ‘ਚ ਸ਼ਾਂਤੀ ਵਾਰਤਾ ਨਾਕਾਮ ਰਹਿਣ ਮਗਰੋਂ ਆਸਿਫ ਨੇ ਸੋਸ਼ਲ ਮੀਡੀਆ ‘ਤੇ ਇਹ ਬਿਆਨ ਦਿੱਤਾ ਹੈ। ਪਾਕਿਸਤਾਨ ਦੀ ਮੁੱਖ ਮੰਗ ਹੈ ਕਿ ਤਾਲਿਬਾਨ, ਪਾਕਿਸਤਾਨ ‘ਚ ਅੱਤਵਾਦ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਵਾਲੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇ।
ਆਸਿਫ ਨੇ ਕਿਹਾ ਕਿ ਭਾਈਵਾਲ ਮੁਲਕਾਂ ਦੀ ਅਪੀਲ ‘ਤੇ ਪਾਕਿਸਤਾਨ ਸ਼ਾਂਤੀ ਵਾਰਤਾ ਲਈ ਰਾਜ਼ੀ ਹੋਇਆ ਸੀ ਪਰ ਅਫ਼ਗਾਨ ਅਧਿਕਾਰੀਆਂ ਵੱਲੋਂ ਦਿੱਤੇ ਗਏ ਜ਼ਹਿਰੀਲੇ ਬਿਆਨਾਂ ਤੋਂ ਤਾਲਿਬਾਨ ਹਕੂਮਤ ਦੀ ਮਾਨਸਿਕਤਾ ਸਪੱਸ਼ਟ ਹੋ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਤਾਲਿਬਾਨ ਹਕੂਮਤ ਅਫ਼ਗਾਨਿਸਤਾਨ ਨੂੰ ਇਕ ਹੋਰ ਸੰਘਰਸ਼ ਵੱਲ ਧੱਕ ਰਹੀ ਹੈ। ਤਾਲਿਬਾਨ ਵੱਲੋਂ ਕਈ ਸਾਮਰਾਜਾਂ ਨੂੰ ਦਫ਼ਨ ਕਰਨ ਦੇ ਦਾਅਵੇ ‘ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਮਰਾਜ ਹੋਣ ਦਾ ਦਾਅਵਾ ਨਹੀਂ ਕਰਦਾ ਹੈ ਪਰ ਅਫ਼ਗਾਨਿਸਤਾਨ ਆਪਣੇ ਲੋਕਾਂ ਲਈ ਪੱਕੇ ਤੌਰ ‘ਤੇ ਕਬਰਿਸਤਾਨ ਬਣ ਗਿਆ ਹੈ। ਉਧਰ, ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵਾਰਤਾ ਨਾਕਾਮ ਰਹਿਣ ‘ਤੇ ਚਿੰਤਾ ਜਤਾਈ ਹੈ।
ਯੂ.ਐੱਨ. ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਆਸ ਜਤਾਈ ਕਿ ਦੋਵੇਂ ਮੁਲਕਾਂ ਵਿਚਾਲੇ ਮੁੜ ਜੰਗ ਨਹੀਂ ਹੋਵੇਗੀ। ਪਾਕਿਸਤਾਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ਲਈ ਅਫ਼ਗਾਨ ਤਾਲਿਬਾਨ ਨਾਲ ਹੋਈ ਗੱਲਬਾਤ ਬੇਨਤੀਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਬੁਲ ਕੱਟੜਪੰਥੀਆਂ ਨੂੰ ਕਾਬੂ ਕਰਨ ਦੀਆਂ ਆਪਣੀਆਂ ਵਚਨਬੱਧਤਾਵਾਂ ਤੋਂ ਪਿੱਛੇ ਹਟ ਗਿਆ ਹੈ। ਚਾਰ ਰੋਜ਼ਾ ਵਾਰਤਾ ਸ਼ਨਿਚਰਵਾਰ ਨੂੰ ਸ਼ੁਰੂ ਹੋਈ ਸੀ, ਜਿਸ ਦੀ ਵਿਚੋਲਗੀ ਤੁਰਕੀ ਨੇ ਕੀਤੀ। ਇਸ ਵਾਰਤਾ ਦੌਰਾਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਸਮੱਸਿਆ ਦੇ ਹੱਲ ਲਈ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿਚ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਤਾਉੱਲ੍ਹਾ ਤਰਾਰ ਨੇ ‘ਐਕਸ’ ਉੱਤੇ ਕਿਹਾ ਕਿ ਗੱਲਬਾਤ ਵਿੱਚ ਕੋਈ ਵਿਹਾਰਿਕ ਹੱਲ ਨਹੀਂ ਮਿਲਿਆ।
ਪਾਕਿ ਵੱਲੋਂ ਤਾਲਿਬਾਨ ਨੂੰ ਮਿਟਾ ਦੇਣ ਦੀ ਧਮਕੀ; ਦੋਵੇਂ ਮੁਲਕਾਂ ਵਿਚਾਲੇ ਸ਼ਾਂਤੀ ਵਾਰਤਾ ਨਾਕਾਮ
 
                                 
        
