#PUNJAB

ਪਾਕਿ ਤੇ ਭਾਰਤ ਨੇ ਜੇਲ੍ਹਾਂ ‘ਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕੀਤੀ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਮੇਲ)-ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਪਾਕਿ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਭਾਰਤੀ ਕੈਦੀਆਂ ਦੀ ਸੂਚੀ ਪਾਕਿਸਤਾਨੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ 10 ਵਜੇ ਅਧਿਕਾਰਕ ਤੌਰ ‘ਤੇ ਸੌਂਪੀ ਗਈ। ਇਸੇ ਤਰ੍ਹਾਂ ਨਵੀਂ ਦਿੱਲੀ ‘ਚ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਨੁਮਾਇੰਦੇ ਨੂੰ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੂਚੀ ਸੌਂਪੀ ਗਈ।
ਪਾਕਿ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਪਾਕਿ ਨੇ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਨੂੰ 246 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ, ਜਿਸ ‘ਚ 53 ਨਾਗਰਿਕ ਤੇ 193 ਮਛੇਰੇ ਸ਼ਾਮਲ ਹਨ। ਦੂਜੇ ਪਾਸੇ, ਭਾਰਤ ਨੇ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਭਾਰਤੀ ਜੇਲ੍ਹਾਂ ‘ਚ ਬੰਦ 463 ਪਾਕਿਸਤਾਨੀ ਕੈਦੀਆਂ ਦੀ ਸੂਚੀ ਸੌਂਪੀ। ਇਸ ਸੂਚੀ ‘ਚ 382 ਨਾਗਰਿਕ ਤੇ 81 ਮਛੇਰੇ ਸ਼ਾਮਲ ਹਨ। ਵਿਦੇਸ਼ ਦਫ਼ਤਰ ਅਨੁਸਾਰ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਸਾਲ 2008 ਦੇ ਦੁਵੱਲੇ ਸਮਝੌਤੇ ਤਹਿਤ ਕੀਤਾ ਜਾਂਦਾ ਹੈ, ਜਿਸ ਅਨੁਸਾਰ ਦੋਵੇਂ ਦੇਸ਼ ਸਾਲ ‘ਚ 2 ਵਾਰ, 1 ਜਨਵਰੀ ਅਤੇ 1 ਜੁਲਾਈ ਨੂੰ ਇਨ੍ਹਾਂ ਸੂਚੀਆਂ ਨੂੰ ਸਾਂਝਾ ਕਰਦੇ ਹਨ। ਪਾਕਿ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਾਕਿਸਤਾਨੀ ਕੈਦੀਆਂ ਨੂੰ ਤੁਰੰਤ ਰਿਹਾਅ ਕਰੇ ਤੇ ਉਨ੍ਹਾਂ ਦੀ ਨਾਗਰਿਕਤਾ ਦੀ ਤਸਦੀਕ ‘ਚ ਤੇਜ਼ੀ ਲਿਆਉਣ ਲਈ ਸਾਰੇ ਪਾਕਿਸਤਾਨੀ ਕੈਦੀਆਂ ਤੱਕ ਕੌਂਸਲਰ ਪਹੁੰਚ ਦੀ ਮੰਗ ਵੀ ਕੀਤੀ।