#PUNJAB

ਪਾਕਿ ਖੁਫੀਆ ਏਜੰਸੀ ਆਈ.ਐੱਸ.ਆਈ. ਏਜੰਟਾਂ ਕੋਲ ਵਿਦੇਸ਼ ਭੇਜਣ ਦੇ ਨਾਂ ‘ਤੇ ਫਸਾਏ ਜਾ ਰਹੇ ਭਾਰਤੀ ਮੁੰਡੇ!

-ਲੁਧਿਆਣਾ ਤੇ ਰਾਜਸਥਾਨ ਦੇ ਕੁੱਝ ਟਰੈਵਲ ਏਜੰਟ ਵੀ ਸ਼ਾਮਲ
ਲੁਧਿਆਣਾ, 7 ਫਰਵਰੀ (ਪੰਜਾਬ ਮੇਲ)- ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਵੱਲੋਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿਰੋਧੀ ਕੰਮਾਂ ਵਿਚ ਫਸਾਉਣ ਲਈ ਇਕ ਖ਼ਤਰਨਾਕ ਸਾਜ਼ਿਸ਼ ਰਚੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਲੁਧਿਆਣਾ ਅਤੇ ਰਾਜਸਥਾਨ ਦੇ ਕੁਝ ਟਰੈਵਲ ਏਜੰਟ ਆਈ.ਐੱਸ.ਆਈ. ਏਜੰਟਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਹ ਏਜੰਟ ਭਾਰਤੀ ਨੌਜਵਾਨਾਂ ਨੂੰ ਕੈਨੇਡਾ ਅਤੇ ਇੰਗਲੈਂਡ ਭੇਜਣ ਦੇ ਬਹਾਨੇ ਅਜ਼ਰਬੈਜਾਨ ਬੁਲਾਉਂਦੇ ਹਨ ਅਤੇ ਉੱਥੇ ਉਨ੍ਹਾਂ ਨੂੰ ਆਈ.ਐੱਸ.ਆਈ. ਦੇ ਏਜੰਟ ਮਹਿਮੂਦ ਭੱਟ ਦੇ ਹਵਾਲੇ ਕਰ ਦਿੰਦੇ ਹਨ।
ਜਾਣਕਾਰੀ ਮੁਤਾਬਕ, ਇਨ੍ਹਾਂ ਨੌਜਵਾਨਾਂ ਨੂੰ ਭਾਰਤ ਦੇ ਖ਼ਿਲਾਫ਼ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਅਜਿਹਾ ਨਾ ਕਰਨ ‘ਤੇ ਉਨ੍ਹਾਂ ‘ਤੇ ਭਾਰੀ ਤਸ਼ੱਦਦ ਕੀਤਾ ਜਾਂਦਾ ਹੈ। ਇਕ ਪੀੜਤ ਹਰਦੀਪ ਸਿੰਘ ਦੇ ਪਿਤਾ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 15 ਲੱਖ ਰੁਪਏ ਠੱਗੇ ਗਏ ਅਤੇ ਦੇਸ਼ ਵਿਰੋਧੀ ਕੰਮ ਕਰਨ ਤੋਂ ਇਨਕਾਰ ਕਰਨ ‘ਤੇ ਉਸ ‘ਤੇ ਬਹੁਤ ਜ਼ੁਲਮ ਕੀਤਾ ਗਿਆ।
ਏ.ਡੀ.ਜੀ.ਪੀ. ਕਾਊਂਟਰ ਇੰਟੈਲੀਜੈਂਸ ਦੀ ਚਿੱਠੀ ਤੋਂ ਬਾਅਦ, ਲੁਧਿਆਣਾ ਪੁਲਿਸ ਨੇ ਡੀ.ਐੱਸ.ਪੀ. ਦਾਖਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੁਲਿਸ ਨੇ ਮੁੱਖ ਦੋਸ਼ੀ ਰਾਣੀ ਕਾਕੜੇ ਦਾ ਪਾਸਪੋਰਟ ਰੱਦ ਕਰਨ ਦੀ ਸਿਫਾਰਸ਼ ਵੀ ਕੀਤੀ ਹੈ, ਜੋ ਫਿਲਹਾਲ ਅਜ਼ਰਬੈਜਾਨ ਵਿਚ ਰਹਿ ਕੇ ਇਹ ਗੈਰ-ਕਾਨੂੰਨੀ ਨੈੱਟਵਰਕ ਚਲਾ ਰਹੀ ਹੈ। ਪੁਲਿਸ ਇਸ ਮਾਮਲੇ ਵਿਚ ਹੋਰ ਕਈ ਏਜੰਟਾਂ ਦੀ ਸ਼ਮੂਲੀਅਤ ਅਤੇ ਪੈਸਿਆਂ ਦੇ ਲੈਣ-ਦੇਣ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।