#AMERICA

ਪਹਿਲੀ ਬਹਿਸ ਤੋਂ ਬਾਅਦ ਭਾਰਤੀ-ਅਮਰੀਕੀ ਰਾਮਾਸਵਾਮੀ ਦੀ ਲੋਕਪ੍ਰਿਅਤਾ ਵਧੀ

ਵਾਸ਼ਿੰਗਟਨ, 25 ਅਗਸਤ (ਪੰਜਾਬ ਮੇਲ)- ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਲਈ ਪਹਿਲੀ ਪ੍ਰਾਇਮਰੀ ਬਹਿਸ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਅਰਬਪਤੀ ਭਾਰਤੀ-ਅਮਰੀਕੀ ਬਾਇਓਟੈਕ ਉਦਯੋਗਪਤੀ ਵਿਵੇਕ ਰਾਮਾਸਵਾਮੀ ਦੀ ਲੋਕਪ੍ਰਿਅਤਾ ਰੇਟਿੰਗ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਆਨਲਾਈਨ ਫੰਡ ਇਕੱਠਾ ਕਰਨ ਦੀ ਕਵਾਇਦ ਵਿੱਚ ਵਾਧਾ ਹੋਇਆ ਹੈ। ਰਾਮਾਸਵਾਮੀ ਦੀ ਚੋਣ ਸਬੰਧੀ ਮੁਹਿੰਮ ਟੀਮ ਦੇ ਅਨੁਸਾਰ, 38 ਸਾਲਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਬੁੱਧਵਾਰ ਦੀ ਬਹਿਸ ਤੋਂ ਬਾਅਦ 450,000 ਅਮਰੀਕੀ ਡਾਲਰ ਤੋਂ ਵੱਧ ਜੁਟਾਏ, ਜਿਸ ਵਿਚ ਔਸਤ ਦਾਨ 38 ਡਾਲਰ ਸੀ।
ਉੱਦਮੀ ਤੋਂ ਸਿਆਸਤਦਾਨ ਬਣੇ ਰਾਮਾਸਵਾਮੀ ਨੂੰ ਬਹਿਸ ਦੌਰਾਨ 3 ਚੋਟੀ ਦੇ ਵਿਰੋਧੀਆਂ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀਜ਼, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ। ਪਾਪੂਲਰ ਐਕਸਿਸ ਦੀ ਖ਼ਬਰ ਮੁਤਾਬਕ, “ਟਰੰਪ ਦੀ ਗੈਰ-ਮੌਜੂਦਗੀ ਵਿੱਚ, ਰਾਮਾਸਵਾਮੀ ਨੇ ‘ਜੀਓਪੀ’ ਬਹਿਸ ਵਿੱਚ ਜਿੱਤ ਪ੍ਰਾਪਤ ਕੀਤੀ।” ਬਹਿਸ ਤੋਂ ਬਾਅਦ ਜਾਰੀ ਕੀਤੇ ਗਏ ਪਹਿਲੇ ਸਰਵੇਖਣ ਵਿੱਚ ਕਿਹਾ ਗਿਆ ਕਿ 504 ਉੱਤਰਦਾਤਾਵਾਂ ਵਿੱਚੋਂ 28 ਫ਼ੀਸਦੀ ਨੇ ਕਿਹਾ ਕਿ ਰਾਮਾਸਵਾਮੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਤੋਂ ਬਾਅਦ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ 27 ਫ਼ੀਸਦੀ, ਪੇਂਸ ਨੂੰ 13 ਫ਼ੀਸਦੀ ਅਤੇ ਭਾਰਤੀ ਅਮਰੀਕੀ ਹੇਲੀ ਨੂੰ 7 ਫ਼ੀਸਦੀ ਵੋਟਾਂ ਮਿਲੀਆਂ।
ਫੌਕਸ ਨਿਊਜ਼ ਦੇ ਅਨੁਸਾਰ, ਰਾਮਾਸਵਾਮੀ ਪਹਿਲੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਬਹਿਸ ਲਈ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ‘ਜੀਓਪੀ’ ਉਮੀਦਵਾਰ ਰਹੇ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਸਾਥੀ ਭਾਰਤੀ-ਅਮਰੀਕੀ ਨਿੱਕੀ ਹੈਲੀ ਸੀ। ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ, “ਵਿਵੇਕ ਰਾਮਾਸਵਾਮੀ ਨੇ ਪਹਿਲੀ ਰਿਪਬਲਿਕਨ ਪ੍ਰਾਇਮਰੀ ਬਹਿਸ ਵਿੱਚ ਕਾਫ਼ੀ ਸੁਰਖੀਆਂ ਬਟੋਰੀਆਂ।”

Leave a comment