ਨੈਨੀਤਾਲ, 23 ਅਪ੍ਰੈਲ (ਪੰਜਾਬ ਮੇਲ)-ਨੈਨੀਤਾਲ ਵਿਖੇ ਹੋਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਪੰਕਜ ਸਿੰਘ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਤੇ ਮਨਿੰਦਰ ਪਾਲ ਸਿੰਘ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਜਨਰਲ ਵਜੋਂ ਚੁਣਿਆ ਗਿਆ।ਇਹ ਚੋਣ ਰਿਟਰਨਿੰਗ ਅਫਸਰ ਜਸਟਿਸ ਆਰ ਕੇ ਗਾਬਾ, ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਓਂਕਾਰ ਸਿੰਘ, ਆਈ.ਓ.ਏ ਦੇ ਆਬਜ਼ਰਵਰ ਡੀ.ਕੇ. ਸਿੰਘ ਦੀ ਮੌਜੂਦਗੀ ਵਿੱਚ ਹੋਈ।ਇਸ ਚੋਣ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਅਥਲੀਟ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ।ਜਿਸ ਵਿੱਚ ਮਨੇਜਮੈਂਟ ਕਮੇਟੀ ਵੱਲੋਂ ਜਗਦੀਪ ਸਿੰਘ ਕਾਹਲੋਂ ਨੂੰ ਸਰਬ ਸੰਮਤੀ ਨਾਲ ਕਮਿਸ਼ਨ ਦਾ ਕਨਵੀਨਰ ਚੁਣਿਆ ਗਿਆ। ਇਸ ਤੋਂ ਪਹਿਲਾਂ ਵੀ ਜਗਦੀਪ ਸਿੰਘ ਕਾਹਲੋਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੀਡੀਆ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ।ਇਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਪ ਸਿੰਘ ਅੰਤਰਰਾਸ਼ਟਰੀ ਖਿਡਾਰੀ ਹਨ ਤੇ ਪੰਜਾਬ ਸਰਕਾਰ ਦੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਹਨ ਤੇ ਮਾਤਾ ਸਾਹਿਬ ਕੌਰ ਸਪੋਰਟਸ ਐਂਡ ਚੈਰੀਟੇਬਲ ਟਰੱਸਟ ਜਰਖੜ ਦੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।ਇਸ ਸਬੰਧੀ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਦਿੱਤੀ ਗਈ ਹੈ ਇਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਤੇ ਦੇਸ਼ ਵਿਚ ਸਾਈਕਲਿੰਗ ਖੇਡ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਰਹਾਂਗਾ।ਉਹਨਾਂ ਨੇ ਵਿਸ਼ੇਸ਼ ਤੌਰ ਤੇ ਪੂਰੇ ਦੇਸ਼ ਦੇ ਅਹੁਦੇਦਾਰਾਂ, ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ, ਪ੍ਰਧਾਨ ਪੰਕਜ ਸਿੰਘ ਅਤੇ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਜਰਨਲ ਸਕੱਤਰ ਉਂਕਾਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਮਾਤਾ ਸਾਹਿਬ ਕੌਰ ਸਪੋਰਟਸ ਐਡ ਚੈਰੀਟੇਬਲ ਟਰੱਸਟ ਦੇ ਚੀਫ਼ ਆਰਗੇਨਾਈਜ਼ਰ ਜਗਰੂਪ ਸਿੰਘ ਜਰਖੜ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਐਮ.ਐਲ.ਏ ਗੁਰਲਾਲ ਸਿੰਘ ਘਨੌਰ, ਹਰਮੀਤ ਸਿੰਘ ਪਠਾਣਮਾਜਰਾ ਐਮ.ਐਲ.ਏ ਸਨੌਰ, ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ, ਅੰਤਰਰਾਸ਼ਟਰੀ ਅਥਲੀਟ ਚਰਨਜੀਤ ਸਿੰਘ ਬਾਜਵਾ, ਸੁਸਾਇਟੀ ਫਾਰ ਸਪੋਰਟਸ ਪਰਸਨਜ਼ ਵੈਲਫੇਅਰ ਦੇ ਕੈਸ਼ੀਅਰ ਬਖਸ਼ੀਸ਼ ਸਿੰਘ ਤੋਂ ਇਲਾਵਾ ਸਮਾਜਿਕ ਅਤੇ ਸਪੋਰਟਸ ਕਲੱਬਾਂ ਦੇ ਅਹੁਦੇਦਾਰਾਂ ਨੇ ਵਧਾਈ ਦਿੱਤੀ