#OTHERS

ਨੇਪਾਲ ‘ਚ ਸਰਕਾਰ ਵਿਰੁੱਧ ਪ੍ਰਦਰਸ਼ਨ ਮਗਰੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ

– ਨੇਪਾਲ ‘ਚ ਪ੍ਰਦਰਸ਼ਨਕਾਰੀਆਂ ਨੇ ਵਿੱਤ ਮੰਤਰੀ ਨੂੰ ਭਜਾ-ਭਜਾ ਕੇ ਕੁੱਟਿਆ,
– ਪ੍ਰਦਰਸ਼ਨਕਾਰੀਆਂ ਨੇ ਕਈ ਸੀਨੀਅਰ ਸਿਆਸੀ ਆਗੂਆਂ ਦੀਆਂ ਨਿੱਜੀ ਰਿਹਾਇਸ਼ਾਂ ਨੂੰ ਲਾਈ ਅੱਗ
– ਸਾਬਕਾ ਪ੍ਰਧਾਨ ਮੰਤਰੀ ਦੇਉਬਾ ਦੀ ਰਿਹਾਇਸ਼ ‘ਤੇ ਹਮਲਾ; ਪਤਨੀ ਦੀ ਹੋਈ ਮੌਤ
– ਨੇਪਾਲ ਨੇ ਸੋਸ਼ਲ ਮੀਡੀਆ ‘ਤੇ ਪਾਬੰਦੀ ਹਟਾਈ

ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ

ਕਾਠਮੰਡੂ, 10 ਸਤੰਬਰ (ਪੰਜਾਬ ਮੇਲ)- ਨੇਪਾਲ ਨੂੰ ਗੰਭੀਰ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀ ਅਸਤੀਫਾ ਦੇ ਦਿੱਤਾ ਹੈ। ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਦੇ ਖਿਲਾਫ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ, ਜਿਸ ਵਿਚ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ‘ਚ ਦਿਖਾਇਆ ਗਿਆ ਹੈ ਕਿ 65 ਸਾਲਾ ਵਿੱਤ ਮੰਤਰੀ ਪੌਡੇਲ ਸੈਂਕੜੇ ਪ੍ਰਦਰਸ਼ਨਕਾਰੀਆਂ ਤੋਂ ਬਚਣ ਲਈ ਭੱਜ ਰਹੇ ਸਨ। ਫਿਰ ਇੱਕ ਨੌਜਵਾਨ ਸਾਹਮਣੇ ਤੋਂ ਆਇਆ ਅਤੇ ਮੰਤਰੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਮੰਤਰੀ ਕੰਧ ਨਾਲ ਟਕਰਾ ਗਿਆ ਪਰ ਤੁਰੰਤ ਉੱਠਿਆ ਅਤੇ ਦੁਬਾਰਾ ਦੌੜਨਾ ਸ਼ੁਰੂ ਕਰ ਦਿੱਤਾ।
ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਸੀਨੀਅਰ ਸਿਆਸੀ ਆਗੂਆਂ ਦੀਆਂ ਨਿੱਜੀ ਰਿਹਾਇਸ਼ਾਂ ਤੇ ਸਿਆਸੀ ਪਾਰਟੀਆਂ ਦੇ ਹੈੱਡਕੁਆਰਟਰਾਂ ‘ਤੇ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਸੰਸਦ ਵਿਚ ਵੀ ਭੰਨਤੋੜ ਕੀਤੀ। ਇਹ ਘਟਨਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲਿਸ ਕਾਰਵਾਈ ਵਿਚ 19 ਵਿਅਕਤੀਆਂ ਦੀ ਮੌਤ ਹੋਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ। ਇਸੇ ਦੌਰਾਨ ਨੇਪਾਲ ਦੀ ਫੌਜ ਵੱਲੋਂ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਦਾ ਦਾਅਵਾ ਕੀਤਾ ਗਿਆ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਮਸਲੇ ਦੇ ਹੱਲ ਲਈ ਗੱਲਬਾਤ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਨੇ ਸੋਸ਼ਲ ਮੀਡੀਆ ‘ਤੇ ਪਾਬੰਦੀ ਅਤੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨਾ ਕਰਨ ਸਣੇ ਕਈ ਮੁੱਦਿਆਂ ‘ਤੇ ਓਲੀ ਸਰਕਾਰ ਪ੍ਰਤੀ ਵਧ ਰਹੇ ਜਨਤਕ ਰੋਹ ਨੂੰ ਦਰਸਾਇਆ ਹੈ।

ਸੁਰੱਖਿਆ ਬਲਾਂ ਦੇ ਜਵਾਨ ਇਕ ਪ੍ਰਦਰਸ਼ਨਕਾਰੀ ਨੂੰ ਕਾਬੂ ਕਰਕੇ ਲਿਜਾਂਦੇ ਹੋਏ।

ਪ੍ਰਦਰਸ਼ਨਕਾਰੀਆਂ ਨੇ ਕਰਫਿਊ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੀ ਉਲੰਘਣਾ ਕਰਦਿਆਂ ਵੱਖ-ਵੱਖ ਆਗੂਆਂ ਦੇ ਦਫ਼ਤਰਾਂ ਤੇ ਰਿਹਾਇਸ਼ਾਂ ਨੂੰ ਅੱਗ ਲਗਾ ਦਿੱਤੀ ਅਤੇ ਵੱਖ-ਵੱਖ ਮੁੱਖ ਇਮਾਰਤਾਂ ਤੇ ਅਦਾਰਿਆਂ ‘ਤੇ ਹਮਲਾ ਕੀਤਾ। ਓਲੀ ਦੇ ਅਸਤੀਫੇ ਤੋਂ ਕੁਝ ਘੰਟੇ ਪਹਿਲਾਂ, ਪ੍ਰਦਰਸ਼ਨਕਾਰੀਆਂ ਨੇ ਬਾਲਕੋਟ ਵਿਚ ਨੇਪਾਲੀ ਆਗੂ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ, ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਾਹਲ, ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੁੰਗ, ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀਆਂ ਜਾਇਦਾਦਾਂ ‘ਤੇ ਹਮਲਾ ਕੀਤਾ। ਸਰਕਾਰ ਵੱਲੋਂ ਸੋਸ਼ਲ ਮੀਡੀਆ ਸਾਈਟਾਂ ‘ਤੇ ਪਾਬੰਦੀ ਲਗਾਏ ਜਾਣ ਖ਼ਿਲਾਫ਼ ਸੋਮਵਾਰ ਨੂੰ ਸ਼ੁਰੂ ਹੋਏ ਪ੍ਰਦਰਸ਼ਨਾਂ ਦੀ ਤੀਬਰਤਾ ਮੰਗਲਵਾਰ ਨੂੰ ਹੋਰ ਵਧ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਸਰਕਾਰ ਵਿਰੋਧੀ ਮਾਰਚ ਕੱਢੇ। ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ‘ਤੇ ਉਡਾਣ ਸੇਵਾਵਾਂ ਅੰਸ਼ਿਕ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਕੇ.ਪੀ. ਸ਼ਰਮਾ ਓਲੀ ਨੇ ਉਸ ਸਮੇਂ ਅਸਤੀਫਾ ਦਿੱਤਾ, ਜਦੋਂ ਸੈਂਕੜੇ ਅੰਦੋਲਨਕਾਰੀ ਉਨ੍ਹਾਂ ਦੇ ਦਫ਼ਤਰ ਵਿਚ ਦਾਖ਼ਲ ਹੋ ਗਏ ਅਤੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੌਰਾਨ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋਣ ਅਤੇ ਭ੍ਰਿਸ਼ਟਾਚਾਰ ਖ਼ਿਲਾਫ ਲਾਪ੍ਰਵਾਹੀ ਲਈ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ। ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਲਿਖੇ ਆਪਣੇ ਅਸਤੀਫੇ ਵਿੱਚ ਓਲੀ ਨੇ ਨੇਪਾਲ ਦੇ ਸਾਹਮਣੇ ਆਏ ਅਸਾਧਾਰਨ ਹਾਲਾਤ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਮੌਜੂਦਾ ਸਥਿਤੀ ਦੇ ਸੰਵਿਧਾਨਕ ਅਤੇ ਸਿਆਸੀ ਹੱਲ ਲਈ ਰਸਤਾ ਬਣਾਉਣ ਵਾਸਤੇ ਅਸਤੀਫਾ ਦੇ ਰਹੇ ਹਨ।
ਜੈੱਨ ਜ਼ੀ ਦੇ ਬੈਨਰ ਹੇਠ ਅੰਦੋਲਨਕਾਰੀਆਂ ਨੇ ਕਾਠਮੰਡੂ ਦੇ ਨਾਇਕਾਪ ਵਿਚ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਦੀ ਰਿਹਾਇਸ਼ ਨੂੰ ਵੀ ਅੱਗ ਲਗਾ ਦਿੱਤੀ। ਕਾਠਮੰਡੂ ਵਿਚ ਕਾਲੰਕੀ, ਕਾਲੀਮਤੀ, ਤਾਹਚਲ ਅਤੇ ਬਾਨੇਸ਼ਵਰ ਦੇ ਨਾਲ-ਨਾਲ ਲਲਿਤਪੁਰ ਜ਼ਿਲ੍ਹੇ ਦੇ ਚਿਆਸਲ, ਚਪਾਗਾਓਂ, ਥੇਚੋ ਇਲਾਕਿਆਂ ਵਿਚ ਵੀ ਪ੍ਰਦਰਸ਼ਨ ਹੋਣ ਦੀ ਖ਼ਬਰ ਮਿਲੀ ਹੈ। ਪ੍ਰਦਰਸ਼ਨਕਾਰੀਆਂ ਨੇ ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੁੰਗ ਦੇ ਲਲਿਤਪੁਰ ਜ਼ਿਲ੍ਹੇ ‘ਚ ਪੈਂਦੇ ਸੁਨਾਕੋਠੀ ਵਿੱਚ ਸਥਿਤ ਘਰ ‘ਤੇ ਵੀ ਪਥਰਾਅ ਕੀਤਾ।

ਸਾਬਕਾ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲਾਉਣ ‘ਤੇ ਪਤਨੀ ਦੀ ਸੜ ਕੇ ਮੌਤ
ਦੱਲੂ ਵਿਚ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਝਾਲਾ ਨਾਥ ਖਨਾਲ ਦੇ ਘਰ ਨੂੰ ਅੱਗ ਲਗਾ ਦਿੱਤੀ। ਪ੍ਰਤੱਖਦਰਸੀਆਂ ਅਨੁਸਾਰ, ਘਰ ਦੇ ਅੰਦਰ ਫਸੀ ਖਨਾਲ ਦੀ ਪਤਨੀ ਰਾਜਲਕਸ਼ਮੀ ਚਿਤਰਕਾਰ ਗੰਭੀਰ ਰੂਪ ਵਿਚ ਝੁਲਸ ਗਈ। ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਉਸ ਨੂੰ ਗੰਭੀਰ ਹਾਲਤ ਵਿਚ ਕੀਰਤੀਪੁਰ ਬਰਨ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਖਨਾਲ ਨੇ ਫਰਵਰੀ 2011 ਤੋਂ ਅਗਸਤ 2011 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਸੀ। ਪ੍ਰਦਰਸ਼ਨਕਾਰੀਆਂ ਨੇ ਸਾਬਕਾ ਵਿੱਤ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਨੇਤਾ ਰਾਮਸ਼ਰਨ ਮਾਹਤ ਦੇ ਕਪਾਨ ਸਥਿਤ ਘਰ ਨੂੰ ਵੀ ਸਾੜ ਦਿੱਤਾ।