#EUROPE

ਨੇਤਨਯਾਹੂ ਵੱਲੋਂ ਗਾਜ਼ਾ ‘ਚ ਜੰਗਬੰਦੀ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ

ਯੇਰੂਸ਼ਲਮ, 13 ਫਰਵਰੀ (ਪੰਜਾਬ ਮੇਲ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ ਦਿੱਤੀ ਅਤੇ ਸੈਨਿਕਾਂ ਨੂੰ ਨਿਰਦੇਸ਼ ਦਿੱਤਾ ਕਿ ਜੇ ਹਮਾਸ ਸ਼ਨਿਚਰਵਾਰ ਤੱਕ ਹੋਰ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ, ਤਾਂ ਉਹ ਇਸ ਅੱਤਵਾਦੀ ਗਰੁੱਪ ਖ਼ਿਲਾਫ਼ ਮੁੜ ਜੰਗ ਸ਼ੁਰੂ ਕਰਨ ਲਈ ਤਿਆਰ ਰਹਿਣ। ਉਧਰ ਹਮਾਸ ਨੇ ਸੋਮਵਾਰ ਦੇ ਆਪਣੇ ਦੋਸ਼ਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਇਜ਼ਰਾਈਲ ਜੰਗਬੰਦੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿਚ ਨਾਕਾਮ ਰਿਹਾ ਹੈ ਅਤੇ ਉਸ ਦੀ ਯੋਜਨਾ ਤਿੰਨ ਹੋਰ ਬੰਦੀਆਂ ਦੀ ਰਿਹਾਈ ਦੇਰ ਨਾਲ ਕਰਨ ਦੀ ਹੈ।
ਹਮਾਸ ਨੇ ਦੋਸ਼ ਲਾਇਆ ਸੀ ਕਿ ਇਜ਼ਰਾਈਲ ਗਾਜ਼ਾ ਵਿਚ ਮਨਜ਼ੂਰਸ਼ੁਦਾ ਟੈਂਟ ਲਗਾਉਣ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦੀ ਇਜਾਜ਼ਤ ਨਹੀਂ ਦੇ ਰਿਹਾ। ਵਧਦੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਇਜ਼ਰਾਈਲ ਨੂੰ ਹੋਰ ਬੰਦੀ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਜਾਰਡਨ ਦੇ ਸ਼ਾਹ ਅਬਦੁੱਲਾ ਦੂਜੇ ਨਾਲ ਮੁਲਾਕਾਤ ਕਰਨ ਮਗਰੋਂ ਖਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਮੰਗ ਅਨੁਸਾਰ ਹਮਾਸ ਬਾਕੀ ਸਾਰੇ ਬੰਦੀਆਂ ਨੂੰ ਰਿਹਾਅ ਨਹੀਂ ਕਰੇਗਾ।
ਅਮਰੀਕੀ ਰਾਸ਼ਟਰਪਤੀ ਨੇ ਹਮਾਸ ਬਾਰੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਉਹ ਸਮਾਂਹੱਦ ਅੰਦਰ ਕਾਰਵਾਈ ਕਰ ਸਕਣਗੇ। ਉਹ ਸਖ਼ਤ ਰੁਖ਼ ਅਪਣਾਉਣਾ ਚਾਹੁੰਦੇ ਹਨ। ਅਸੀਂ ਦੇਖਾਂਗੇ ਕਿ ਉਹ ਕਿੰਨੇ ਕੁ ਸਖ਼ਤ ਹਨ।” ਜੰਗਬੰਦੀ ਸਮਝੌਤਾ ਲਾਗੂ ਹੋਣ ਮਗਰੋਂ ਹਮਾਸ ਨੇ 730 ਤੋਂ ਵੱਧ ਫਲਸਤੀਨੀ ਕੈਦੀਆਂ ਦੇ ਬਦਲੇ 21 ਬੰਦੀਆਂ ਨੂੰ ਰਿਹਾਅ ਕੀਤਾ ਹੈ।