ਵਾਸ਼ਿੰਗਟਨ, 6 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਵਰਮੋਂਟ ਵਿਚ ‘ਸੁਪਰ ਮੰਗਲਵਾਰ’ ਨੂੰ ਰਿਪਬਲਿਕਨ ਰਾਸ਼ਟਰਪਤੀ ਚੋਣ ਜਿੱਤ ਕੇ ਖੇਤਰ ਵਿਚ ਡੋਨਾਲਡ ਟਰੰਪ ਦੀ ਜਿੱਤ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਹਾਲਾਂਕਿ ਹੇਲੀ ਦੀ ਜਿੱਤ ਦਾ ਟਰੰਪ ਦੇ ਮੁੱਢਲੇ ਦਬਦਬੇ ‘ਤੇ ਮਾਮੂਲੀ ਅਸਰ ਪਵੇਗਾ।
ਸਾਬਕਾ ਰਾਸ਼ਟਰਪਤੀ ਨੇ ‘ਸੁਪਰ ਮੰਗਲਵਾਰ’ ਨੂੰ 11 ਹੋਰ ਰਾਜਾਂ ਵਿਚ ਰਿਪਬਲਿਕਨ ਪ੍ਰਾਇਮਰੀਜ਼ ਜਿੱਤੀਆਂ। ‘ਸੁਪਰ ਮੰਗਲਵਾਰ’ ਯਾਨੀ ‘ਮਹਾ ਮੰਗਲਵਾਰ’ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜ਼ਿਆਦਾਤਰ ਰਾਜਾਂ ਵਿਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਹੇਲੀ ਨੂੰ ਰਿਪਬਲਿਕਨ ਪ੍ਰਾਇਮਰੀ ਵਿਚ ਟਰੰਪ ਦੀ ਆਖਰੀ ਕੱਟੜ ਵਿਰੋਧੀ ਵਜੋਂ ਦੇਖਿਆ ਜਾ ਰਿਹਾ ਹੈ।
ਹੇਲੀ ਨੇ ਸਾਬਕਾ ਰਾਸ਼ਟਰਪਤੀ ‘ਤੇ ਆਪਣੇ ਜ਼ੁਬਾਨੀ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਇਕ ਵਾਰ ਟਰੰਪ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਉਹ (ਟਰੰਪ) ਪਾਰਟੀ ਤੋਂ ਨਾਮਜ਼ਦਗੀ ਹਾਸਲ ਕਰਨ ‘ਚ ਸਫਲ ਰਹਿੰਦੇ ਹਨ, ਤਾਂ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਉਹ ਰਾਸ਼ਟਰਪਤੀ ਜੋਅ ਬਾਇਡਨ ਤੋਂ ਹਾਰ ਜਾਣਗੇ। ਡੈਮੋਕ੍ਰੇਟਿਕ ਪਾਰਟੀ ਦੇ ਮਾਮੂਲੀ ਵਿਰੋਧ ਦੇ ਬਾਵਜੂਦ ਬਾਇਡਨ ਦੇਸ਼ ਭਰ ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਜਿੱਤਣ ਵਿਚ ਸਫਲ ਰਹੇ ਹਨ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਨਵੰਬਰ ਵਿਚ ਇੱਕ ਵਾਰ ਫਿਰ ਬਾਇਡਨ ਅਤੇ ਟਰੰਪ ਦੇ ਆਹਮੋ-ਸਾਹਮਣੇ ਹੋਣ ਦੀ ਪੂਰੀ ਸੰਭਾਵਨਾ ਹੈ।