#Featured

ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਵੱਡੀ ਕਾਰਵਾਈ

-ਭਗਤ ਚੂਨੀ ਲਾਲ ਸਮੇਤ 12 ਆਗੂਆਂ ਨੂੰ ਪਾਰਟੀ ‘ਚੋਂ ਕੀਤਾ ਬਰਖਾਸਤ
ਜਲੰਧਰ, 17 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਭਾਜਪਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਤੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਸਣੇ 12 ਆਗੂਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ‘ਤੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਦੋਸ਼ ਹੈ। ਇਹ ਜਾਣਕਾਰੀ ਜਲੰਧਰ ਭਾਜਪਾ ਵੱਲੋਂ ਜਾਰੀ ਬਿਆਨ ਵਿਚ ਦਿੱਤੀ ਗਈ ਹੈ। ਜਲੰਧਰ ਪੱਛਮੀ ਹਲਕੇ ‘ਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਦੇ ਆਗੂਆਂ ਨੇ ਕਾਰਵਾਈ ਲਈ ਹਾਈਕਮਾਨ ਨੂੰ ਪੱਤਰ ਲਿਖਿਆ ਸੀ, ਜਿਸ ‘ਤੇ ਹੁਣ ਕਾਰਵਾਈ ਕੀਤੀ ਹੈ। ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਖ਼ਿਲਾਫ਼ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਹਾਈਕਮਾਨ ਨੂੰ ਰਿਪੋਰਟ ਸੌਂਪੀ ਗਈ ਹੈ, ਜਿਸ ‘ਚ ਮੁੱਖ ਤੌਰ ‘ਤੇ ‘ਆਪ’ ਦੀ ਟਿਕਟ ‘ਤੇ ਭਗਤ ਦੇ ਬੇਟੇ ਵੱਲੋਂ ਚੋਣ ਲੜਨ ਤੇ ਜਿੱਤ ਤੋਂ ਬਾਅਦ ਆਪਣੇ ਪਿਤਾ ਨੂੰ ਲੱਡੂ ਖੁਆਉਣ ਦਾ ਜ਼ਿਕਰ ਕੀਤਾ ਗਿਆ। ਭਾਜਪਾ ਨੇ ਭਗਤ ਚੁੰਨੀ ਲਾਲ, ਅਰਜੁਨ ਤ੍ਰੇਹਨ, ਅਨੁਪਮ ਸ਼ਰਮਾ, ਸੁਖਦੇਵ ਸੋਨੂੰ, ਹਤਿੰਦਰ ਤਲਵਾੜ, ਹਸਨ ਸੋਨੀ, ਦਿਨੇਸ਼ ਦੂਆ, ਸੁਭਾਸ਼ ਢੱਲ, ਅਜੇ ਚੋਪੜਾ, ਪ੍ਰਦੀਪ ਵਾਸੁਦੇਵ, ਗੁਰਵਿੰਦਰ ਸਿੰਘ ਲਾਂਬਾ, ਬਲਵਿੰਦਰ ਕੁਮਾਰ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ।