-ਟਰਾਂਸ ਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ
ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਸਟੇਟ ਦੀ ਅਸੈਂਬਲੀ ਵਿਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਕਰਨ ਵਿਚ ਖਾਸ ਤੌਰ ‘ਤੇ ਅਸੈਂਬਲੀ-ਮੈਂਬਰ ਜੋਹਰਾਨ ਮਮਦਾਨੀ (ਡਿਸਟ੍ਰਿਕਟ 36), ਅਤੇ ਉਨ੍ਹਾਂ ਦੇ ਨਾਲ ਹੋਰ ਅਸੈਂਬਲੀ-ਮੈਂਬਰ ਗਰੇਸ ਲੀ (ਡਿਸਟ੍ਰਿਕਟ 65), ਖਲੀਲ ਐਂਡਰਸਨ (ਡਿਸਟ੍ਰਿਕਟ 31), ਸਟੀਵਨ ਰਾਗਾ (ਡਿਸਟ੍ਰਿਕਟ 30), ਜੈਫਰੀਅਨ ਔਰਬੀ (ਡਿਸਟ੍ਰਿਕਟ 35), ਜੈਸੀਕਾ ਗੌਨਜਾਲੇਜ (ਡਿਸਟ੍ਰਿਕਟ 34), ਕੈਟਲੀਨਾ ਕਰੂਜ (ਡਿਸਟ੍ਰਿਕਟ 39) ਸ਼ਾਮਲ ਸਨ। ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿਚ ਜਿਵੇਂ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਅਤੇ ਅਪ੍ਰੈਲ ਨੂੰ ‘ਸਿੱਖ ਐਪਰੀਸੀਏਸ਼ਨ ਅਤੇ ਅਵੇਅਰਨੈਸ ਮੰਥ’ ਵਜੋਂ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਨਿਊਯਾਰਕ ਸਟੇਟ ਦੀ ਅਸੈਂਬਲੀ ਵਿਚ ਵਿਸਾਖੀ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤਾ ਗਿਆ, ਜਿੱਥੇ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ 2015 ਵਿਚ ਹੋਏ ਸਰਬੱਤ ਖਾਲਸਾ ਦੇ ਮਤੇ, ਅਤੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਹੁਕਮਾਂ ਅਨੁਸਾਰ ਹੋਂਦ ਵਿਚ ਆਉਣ ਤੋਂ ਬਾਅਦ ਚੱਲ ਰਹੇ ਕੰਮਾਂ ਦੀ ਰੱਜਵੀਂ ਸ਼ਲਾਘਾ ਕੀਤੀ ਗਈ। ਜਿਸ ਤਰ੍ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੋਵਿਡ-19 ਦੇ ਸਮੇਂ ਨਿਊਯਾਰਕ ਤੇ ਹੋਰ ਥਾਵਾਂ ‘ਤੇ ਲੱਖਾਂ ਹੀ ਲੋਕਾਂ ਨੂੰ ਭੋਜਨ ਪਹੁੰਚਾਇਆ ਗਿਆ। ਪੰਜਾਬ ਵਿਚ 2019 ਵਿਚ ਆਏ ਹੜ੍ਹਾਂ ਤੋਂ ਬਾਅਦ ਕੀਤੀ ਮਦਦ ਅਤੇ ਯੂਕਰੇਨ ਵਿਚ ਚੱਲ ਰਹੇ ਮੌਜੂਦਾ ਸੰਕਟ ਦੇ ਸਮੇ ਯੂਨਾਈਟਡ ਸਿਖਸ ਨਾਲ ਰਲ ਕੇ ਰਾਹਤ ਕਾਰਜ ਕੀਤੇ ਗਏ। ਇਸ ਤੋਂ ਇਲਾਵਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖਿਆ, ਮਨੁੱਖੀ ਅਧਿਕਾਰਾਂ ਹੋਰ ਚੱਲ ਰਹੇ ਕੰਮਾਂ ਦਾ ਵੀ ਅਸੈਂਬਲੀ ਦੇ ਪਰੋਕਲੇਮੇਸ਼ਨ (ਘੋਸ਼ਣਾ ਪੱਤਰ) ਵਿਚ ਜ਼ਿਕਰ ਕੀਤਾ ਗਿਆ।
ਅਸੈਂਬਲੀ-ਮੈਂਬਰ ਜੋਹਰਾਨ ਮਮਦਾਨੀ ਨੇ ਹੋਰ ਅਸੈਂਬਲੀ-ਮੈਂਬਰਾਂ ਦੇ ਸਹਿਯੋਗ ਨਾਲ ਪਿਛਲੇ ਸਮੇਂ ਤੋਂ ਟਰਾਂਸ ਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਵੀ ਜ਼ੋਰ ਨਾਲ ਚੁੱਕਿਆ ਜਾ ਰਿਹਾ ਹੈ, ਜਿਸ ਤਹਿਤ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਸਿੱਖ ਆਗੂਆਂ ਭਾਈ ਹਰਦੀਪ ਸਿੰਘ ਨਿਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਕਰਨ ਅਤੇ ਨਾਲ ਹੀ ਵਕੀਲ ਗੁਰਪਤਵੰਤ ਸਿੰਘ ਪੰਨੂ ਤੇ ਹੋਰ ਵੀ ਆਗੂਆਂ ਕਤਲਾਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਪਰਦਾਫਾਸ਼ ਹੋਇਆ ਸੀ। ਉਸ ਤੋਂ ਬਾਅਦ ਇਨ੍ਹਾਂ ਅਸੈਂਬਲੀ-ਮੈਂਬਰਾਂ ਵੱਲੋਂ ਸਟੇਟ ਅਸੈਂਬਲੀ ਤੋਂ ਲੈ ਕੇ ਗਵਰਨਰ ਅਤੇ ਪ੍ਰੈਜ਼ੀਡੈਂਟ ਤੱਕ ਇਸ ਮਸਲੇ ਨੂੰ ਪਹੁੰਚਾਉਣ ਵਿਚ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ।
ਪ੍ਰੋਗਰਾਮ ‘ਚ ਸ਼ਾਮਲ ਨੁਮਾਇੰਦਿਆਂ ਵਿਚ ਕੋਆਰਡੀਨੇਟਰ ਸ. ਹਿੰਮਤ ਸਿੰਘ, ਸੈਲਫ ਡਿਟਰਮੀਨੇਸ਼ਨ ਕਾਊਂਸਿਲ ਦੇ ਸ. ਬਲਜਿੰਦਰ ਸਿੰਘ, ਸ. ਮੱਖਣ ਸਿੰਘ ਰੌਚੈਸਟਰ, ਸ. ਸੁਖਜਿੰਦਰ ਸਿੰਘ ਬਾਜਵਾ, ਸ. ਬਲਜੀਤ ਸਿੰਘ, ਸ. ਚਰਨਜੀਤ ਸਿੰਘ ਸਮਰਾ, ਸ. ਵਰਿੰਦਰ ਸਿੰਘ ਵਿਕੀ, ਬੀਬੀ ਜਸਲੀਨ ਕੌਰ, ਸ. ਮਨਵੀਰ ਸਿੰਘ, ਸ. ਜਗਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।