#AMERICA

ਨਿਊਯਾਰਕ ਮੇਅਰ ਮਮਦਾਨੀ ਨੇ ਪ੍ਰਵਾਸੀਆਂ ਦੀ ਸੁਰੱਖਿਆ ਦਾ ਲਿਆ ਅਹਿਦ

ਕਿਹਾ: ਪ੍ਰਵਾਸੀ ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਦੀ ਗੱਲ ਮੰਨਣ ਲਈ ਪਾਬੰਦ ਨਹੀਂ
ਨਿਊਯਾਰਕ, 9 ਦਸੰਬਰ (ਪੰਜਾਬ ਮੇਲ)- ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰ ਕੇ ਪ੍ਰਵਾਸੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਦੇ ਏਜੰਟ ਨਾਲ ਗੱਲ ਕਰਨ ਜਾਂ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ।
ਮੇਅਰ ਮਮਦਾਨੀ ਨੇ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਦਾ ਅਹਿਦ ਲੈਂਦਿਆਂ ਕਿਹਾ, ”ਜੇ ਤੁਸੀਂ ਆਪਣੇ ਹੱਕਾਂ ਬਾਰੇ ਜਾਣਦੇ ਹੋ, ਤਾਂ ਅਸੀਂ ਸਾਰੇ ਮਿਲ ਕੇ ਆਈ.ਸੀ.ਈ. ਦਾ ਟਾਕਰਾ ਕਰ ਸਕਦੇ ਹਾਂ।” ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਫੈਡਰਲ ਏਜੰਟ ਨਾਲ ਗੱਲ ਨਾ ਕਰਨ ਦਾ ਬਦਲ ਚੁਣ ਸਕਦੇ ਹਨ, ਉਨ੍ਹਾਂ ਦੀ ਵੀਡੀਓ ਬਣਾ ਸਕਦੇ ਹਨ ਅਤੇ ਜੇ ਏਜੰਟ ਕੋਲ ਜੱਜ ਦਾ ਦਸਤਖ਼ਤ ਕੀਤਾ ਨਿਆਂਇਕ ਵਾਰੰਟ ਨਹੀਂ ਹੈ, ਤਾਂ ਨਿੱਜੀ ਸਥਾਨ ਅੰਦਰ ਦਾਖ਼ਲ ਹੋਣ ਦੀ ਉਸ ਦੀ ਮੰਗ ਨਕਾਰ ਸਕਦੇ ਹਨ। ਉਨ੍ਹਾਂ ਕਿਹਾ, ”ਆਈ.ਸੀ.ਈ. ਨੂੰ ਤੁਹਾਡੇ ਨਾਲ ਝੂਠ ਬੋਲਣ ਦੀ ਕਾਨੂੰਨੀ ਇਜਾਜ਼ਤ ਹੈ ਪਰ ਤੁਹਾਨੂੰ ਚੁੱਪ ਰਹਿਣ ਦਾ ਹੱਕ ਹੈ।” ਉਨ੍ਹਾਂ ਭਰੋਸਾ ਦਿੱਤਾ ਕਿ ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰੇਗਾ।
ਮੇਅਰ ਦਾ ਇਹ ਬਿਆਨ ਨਿਊਯਾਰਕ ਦੇ ਚਾਈਨਾ ਟਾਊਨ ਨੇੜੇ ਕੈਨਾਲ ਸਟ੍ਰੀਟ ‘ਤੇ ਆਈ.ਸੀ.ਈ. ਵੱਲੋਂ ਲੋਕਾਂ ਨੂੰ ਹਿਰਾਸਤ ‘ਚ ਲੈਣ ਦੀ ਕੋਸ਼ਿਸ਼ ਤੋਂ ਹਫ਼ਤੇ ਬਾਅਦ ਆਇਆ ਹੈ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ ਸੀ।