ਨਿਊਯਾਰਕ, 30 ਦਸੰਬਰ (ਪੰਜਾਬ ਮੇਲ)- ਨਿਊਯਾਰਕ ਸਿਟੀ ਦੇ ਮਨੋਨੀਤ ਮੇਅਰ ਜ਼ੋਹਰਾਨ ਮਮਦਾਨੀ (34) ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਵੱਡੀ ਚੁਣੌਤੀ ਹੋਵੇਗੀ। ਲੋਕਾਂ ਦੇ ਨਾਲ-ਨਾਲ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਵੀ ਉਸ ‘ਤੇ ਲੱਗੀਆਂ ਹਨ। ਉਹ ਨਵੇਂ ਵਰ੍ਹੇ ਦੇ ਪਹਿਲੇ ਦਿਨ, ਪਹਿਲੀ ਜਨਵਰੀ ਨੂੰ ਅਹੁਦਾ ਸੰਭਾਲਣਗੇ। ਰਿਪਬਲਿਕਨ ਪਾਰਟੀ ਨੇ ਮਮਦਾਨੀ ਨੂੰ ਉਦਾਰਵਾਦੀਆਂ ਲਈ ਖਲਨਾਇਕ ਵਜੋਂ ਪੇਸ਼ ਕੀਤਾ ਹੈ। ਕੁਝ ਡੈਮੋਕਰੈਟ ਸਾਥੀ ਉਸ ਨੂੰ ਕੱਟੜ ਖੱਬੇਪੱਖੀ ਆਗੂ ਮੰਨਦੇ ਹਨ। ਪ੍ਰਗਤੀਵਾਦੀ ਉਸ ਦੇ ਵਿਚਕਾਰਲੇ ਰਾਹ ਬਾਰੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇ ਸੰਕੇਤਾਂ ‘ਤੇ ਨਜ਼ਰ ਰੱਖ ਰਹੇ ਹਨ। ਡੈਮੋਕਰੈਟਿਕ ਪਾਰਟੀ ਦੇ ਸਿਆਸੀ ਸਲਾਹਕਾਰ ਜੌਰਜ ਆਰਜ਼ਟ ਨੇ ਕਿਹਾ ਕਿ ਮਮਦਾਨੀ ਨੂੰ ਮੇਅਰ ਵਜੋਂ ਕਾਰਜਕਾਲ ਦੇ 100 ਦਿਨਾਂ ‘ਚ ਅਜਿਹੇ ਕੰਮ ਕਰ ਕੇ ਦਿਖਾਉਣੇ ਪੈਣਗੇ ਕਿ ਲੋਕ ਆਖਣ ਕਿ ਉਹ ਉਨ੍ਹਾਂ ਦੇ ਮੁੱਦਿਆਂ ਬਾਰੇ ਗੰਭੀਰ ਹੈ। ਮਮਦਾਨੀ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਆਮ ਲੋਕਾਂ ‘ਤੇ ਧਿਆਨ ਕੇਂਦਰਿਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਵਾਅਦਾ ਕੀਤਾ ਸੀ। ਇਨ੍ਹਾਂ ਮੰਗਾਂ ‘ਚ ਮੁਫ਼ਤ ਬਾਲ ਸੰਭਾਲ ਤੇ ਬੱਸ ਸੇਵਾ ਅਤੇ ਘਰਾਂ ਦੇ ਕਿਰਾਏ ‘ਚ ਵਾਧਾ ਨਾ ਕਰਨਾ ਸ਼ਾਮਲ ਹਨ।
ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮਮਦਾਨੀ ‘ਚ ਫ਼ਿਲਹਾਲ ਤਣਾਅ ਘਟ ਗਿਆ ਹੈ ਪਰ ਭਵਿੱਖ ‘ਚ ਸਿਆਸੀ ਮੱਤਭੇਦ ਡੂੰਘੇ ਹੋ ਸਕਦੇ ਹਨ। ਟਰੰਪ ਨਾਲ ਪ੍ਰਵਾਸੀਆਂ ਦੇ ਮੁੱਦੇ ‘ਤੇ ਟਕਰਾਅ ਪੈਦਾ ਹੋ ਸਕਦਾ ਹੈ। ਉਹ ਇਮੀਗ੍ਰੇਸ਼ਨ ਬਾਰੇ ਟਰੰਪ ਦੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕਰਦਾ ਹੈ। ਉਧਰ ਮਮਦਾਨੀ ਦੇ ਯਹੂਦੀ ਭਾਈਚਾਰੇ ਨਾਲ ਸਬੰਧ ਵੀ ਠੀਕ ਨਹੀਂ ਹਨ ਕਿਉਂਕਿ ਉਸ ਨੇ ਇਜ਼ਰਾਈਲ ਸਰਕਾਰ ਦੀ ਨਿੰਦਾ ਕਰਦਿਆਂ ਫਲਸਤੀਨੀਆਂ ਦੇ ਮਨੁੱਖੀ ਹੱਕਾਂ ਦੀ ਹਮਾਇਤ ਕੀਤੀ ਹੈ।
ਨਿਊਯਾਰਕ ਦੇ ਮੇਅਰ ਮਮਦਾਨੀ ਸਾਹਮਣੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਚੁਣੌਤੀ

