ਨਿਊਯਾਰਕ, 6 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ‘ਚ ਇਕ ਘਰ ‘ਚ ਅੱਗ ਲੱਗਣ ਨਾਲ ਗੰਭੀਰ ਤੌਰ ‘ਤੇ ਝੁਲਸੀ 24 ਸਾਲਾ ਇਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ। ਭਾਰਤੀ ਮਿਸ਼ਨ ਨੇ ਇੱਥੇ ਇਹ ਜਾਣਕਾਰੀ ਦਿੱਤੀ। ਸਹਿਜਾ ਰੈੱਡੀ ਉਦੁਮਾਲਾ ਨਿਊਯਾਰਕ ‘ਚ ਅਲਬਾਨੀ ‘ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਸ਼ੁੱਕਰਵਾਰ ਨੂੰ ‘ਐਕਸ’ ‘ਤੇ ਇਕ ਪੋਸਟ ‘ਚ ਦੱਸਿਆ ਕਿ ਉਨ੍ਹਾਂ ਨੂੰ ਉਦੁਮਾਲਾ ਦੇ ‘ਅਚਨਚੇਤੀ ਦਿਹਾਂਤ’ ‘ਤੇ ਡੂੰਘਾ ਦੁੱਖ ਹੈ, ਜਿਨ੍ਹਾਂ ਨੇ ਅਲਬਾਨੀ ਦੇ ਇਕ ਘਰ ‘ਚ ਅੱਗ ਲੱਗਣ ਦੀ ਘਟਨਾ ‘ਚ ਆਪਣੀ ਜਾਨ ਗੁਆ ਦਿੱਤੀ। ਵਣਜ ਦੂਤਘਰ ਨੇ ਦੱਸਿਆ, ”ਇਸ ਕਠਿਨ ਸਮੇਂ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦੇ ਹਾਂ।” ਦੂਤਘਰ ਨੇ ਨਾਲ ਹੀ ਇਹ ਵੀ ਕਿਹਾ ਕਿ ਉਹ ਉਦੁਮਾਲਾ ਦੇ ਪਰਿਵਾਰ ਦੇ ਸੰਪਰਕ ‘ਚ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਹਨ।
ਅਲਬਾਨੀ ਪੁਲਿਸ ਵਿਭਾਗ ਨੇ ਇਕ ਬਿਆਨ ‘ਚ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਅਤੇ ਅਲਬਾਨੀ ਫਾਇਰ ਡਿਪਾਰਟਮੈਂਟ ਨੇ 4 ਦਸੰਬਰ ਦੀ ਸਵੇਰ ਘਰ ‘ਚ ਲੱਗੀ ਅੱਗ ‘ਤੇ ਤੁਰੰਤ ਕਾਰਵਾਈ ਕੀਤੀ। ਬਿਆਨ ਅਨੁਸਾਰ, ਜਦੋਂ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਕਰਮੀ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਪਾਇਆ ਕਿ ਘਰ ਪੂਰੀ ਤਰ੍ਹਾਂ ਨਾਲ ਅੱਗ ਦੀਆਂ ਲਪਟਾਂ ‘ਚ ਘਿਰਿਆ ਹੋਇਆ ਸੀ ਅਤੇ ਕਈ ਲੋਕ ਅਜੇ ਵੀ ਘਰ ਦੇ ਅੰਦਰ ਸਨ। ਬਿਆਨ ‘ਚ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਘਰ ਦੇ ਅੰਦਰ ਚਾਰ ਲੋਕਾਂ ਦਾ ਪਤਾ ਲਗਾਉਣ ‘ਚ ਸਫ਼ਲ ਰਹੇ, ਜਿਨ੍ਹਾਂ ਦਾ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਨੇ ਹਾਦਸੇ ਵਾਲੀ ਜਗ੍ਹਾ ਹੀ ਇਲਾਜ ਕੀਤਾ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਬਿਆਨ ਅਨੁਸਾਰ, 2 ਲੋਕਾਂ ਨੂੰ ਬਿਹਤਰ ਇਲਾਜ ਲਈ ਮੈਡੀਕਲ ਬਰਨ ਸੈਂਟਰ ਭੇਜ ਦਿੱਤਾ ਗਿਆ ਹੈ। ਪੁਲਿਸ ਵਿਭਾਗ ਨੇ ਦੱਸਿਆ, ”ਦੁਖ਼ਦ ਗੱਲ ਇਹ ਹੈ ਕਿ ਅੱਗ ‘ਚ ਝੁਲਸਣ ਕਾਰਨ ਕੁੜੀ ਦੀ ਮੌਤ ਹੋ ਗਈ।” ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰਨ ਤੋਂ ਪਹਿਲਾਂ ਉਸ ਦਾ ਨਾਂ ਜਾਰੀ ਨਹੀਂ ਕੀਤਾ ਸੀ ਪਰ ਮ੍ਰਿਤਕਾ ਦੀ ਪਛਾਣ ਉਸ ਦੇ ਪਰਿਵਾਰ ਨੇ ਉਦੁਮਾਲਾ ਵਜੋਂ ਕੀਤੀ।
ਨਿਊਯਾਰਕ ਦੇ ਇੱਕ ਘਰ ‘ਚ ਅੱਗ ਲੱਗਣ ਨਾਲ ਗੰਭੀਰ ਤੌਰ ‘ਤੇ ਝੁਲਸੀ 24 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ

