-ਨਸ਼ੇ ‘ਚ ਲਈ ਸੀ 2 ਮੁੰਡਿਆਂ ਦੀ ਜਾਨ
ਨਿਊਯਾਰਕ, 8 ਫਰਵਰੀ (ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤੀ ਮੂਲ ਦੇ 36 ਸਾਲਾ ਅਮਨਦੀਪ ਸਿੰਘ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਨਸ਼ੇ ਵਿਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਿਕਅੱਪ ਟਰੱਕ ਚਲਾਉਣ ਲਈ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੇ ਨਤੀਜੇ ਵਜੋਂ ਵਾਪਰੇ ਹਾਦਸੇ ਵਿਚ 8ਵੀਂ ਵਿਚ ਪੜ੍ਹਦੇ 14 ਸਾਲ ਦੇ 2 ਮੁੰਡਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ ਹੈ। ਇਹ ਸੜਕ ਹਾਦਸਾ ਸਾਲ 2023 ਵਿਚ ਨਿਊਯਾਰਕ ਦੇ ਲੋਂਗ ਆਈਲੈਂਡ ਵਿਚ ਵਾਪਰਿਆ ਸੀ।
ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਸਿੰਘ ਨੂੰ ਸ਼ੁੱਕਰਵਾਰ ਨੂੰ ਨਾਸਾਓ ਕਾਉਂਟੀ ਦੇ ਮਿਨੋਲਾ ਦੀ ਇੱਕ ਅਦਾਲਤ ਨੇ ਨਸ਼ੇ ਦੀ ਹਾਲਤ ‘ਚ ਪਿਕਅੱਪ ਟਰੱਕ ਚਲਾਉਣ ਕਾਰਨ ਵਾਪਰੇ ਹਾਦਸੇ ਵਿਚ 2 ਮੁੰਡਿਆਂ ਦੀ ਮੌਤ ਦੇ ਦੋਸ਼ ਵਿਚ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਅਦਾਲਤ ਦੀ ਸੁਣਵਾਈ ਦੌਰਾਨ, ਡ੍ਰਿਊ ਦੇ ਪਿਤਾ ਮਿਚ ਹਸੇਨਬੇਨ ਨੇ ਕਿਹਾ, ”ਆਪਣੇ ਬੱਚੇ ਨੂੰ ਸਕੂਲ ਤੋਂ ਲਿਆਉਣ ਦੀ ਬਜਾਏ, ਉਸ ਨੂੰ ਕਬਰਸਤਾਨ ਲੈ ਕੇ ਜਾਣਾ ਪਿਆ। ਇਹ ਬਹੁਤ ਵੱਡਾ ਦਰਦ ਹੈ।” ਹਸੇਨਬੇਨ ਨੇ ਸਿੰਘ ਨੂੰ ”ਰਾਕਸ਼ਸ” ਦੱਸਿਆ। ਡ੍ਰਿਊ ਦੇ ਦਾਦਾ ਜੀ ਨੇ ਸਿੰਘ ‘ਤੇ ਚੀਕਦੇ ਹੋਏ ਕਿਹਾ, ”ਤੂੰ ਇੱਕ ਬੁਰਾ ਇਨਸਾਨ ਹੈ। ਕੀ ਤੈਨੂੰ 2 ਮਾਸੂਮ ਬੱਚਿਆਂ ਦੀਆਂ ਜਾਨਾਂ ਲੈਣ ਦਾ ਪਛਤਾਵਾ ਵੀ ਹੈ?” ਸਿੰਘ ਨੇ ਅਦਾਲਤ ਵਿਚ ਆਪਣੇ ਕੰਮਾਂ ਲਈ ਅਫ਼ਸੋਸ ਪ੍ਰਗਟ ਕੀਤਾ। ਉਸ ਨੇ ਕਿਹਾ, ”ਇਹ ਸਭ ਮੇਰੀ ਗਲਤੀ ਸੀ। ਬੱਚੇ ਨੂੰ ਗੁਆਉਣਾ ਸਭ ਤੋਂ ਵੱਡਾ ਦੁੱਖ ਹੈ। ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਜੇ ਕੋਈ ਮਰਨਾ ਚਾਹੀਦਾ ਸੀ, ਤਾਂ ਉਹ ਮੈਂ ਹੀ ਸੀ।”
ਮਈ 2023 ਵਿਚ, ਦੋਵੇਂ ਟੈਨਿਸ ਸਟਾਰ ਜੇਰੀਕੋ ਦੇ ਨੌਰਥ ਬ੍ਰੌਡਵੇਅ ‘ਤੇ ਇੱਕ ਟੈਨਿਸ ਟੂਰਨਾਮੈਂਟ ਦੀ ਜਿੱਤ ਤੋਂ ਬਾਅਦ ਡਿਨਰ ਤੋਂ ਘਰ ਜਾ ਰਹੇ ਸਨ। ਇਸ ਦੌਰਾਨ ਸਿੰਘ ਗਲਤ ਦਿਸ਼ਾ ਵਿਚ 40 ਮੀਲ ਪ੍ਰਤੀ ਘੰਟਾ ਜ਼ੋਨ ਵਿਚ 95 ਮੀਲ ਪ੍ਰਤੀ ਘੰਟਾ (150 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਆਪਣਾ ਪਿਕਅੱਪ ਟਰੱਕ ਚਲਾ ਰਿਹਾ ਸੀ ਅਤੇ ਉਸ ਨੇ ਮੁੰਡਿਆਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ 4 ਮੁੰਡੇ ਸਵਾਰ ਸਨ। ਇਸ ਹਾਦਸੇ ਵਿਚ 2 ਮੁੰਡਿਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂਕਿ 2 ਹੋਰ 16 ਅਤੇ 17 ਸਾਲ ਦੇ ਮੁੰਡੇ ਜ਼ਖਮੀ ਹੋ ਗਏ। ਟੱਕਰ ਸਮੇਂ ਅਮਨਦੀਪ ਸਿੰਘ ਦੇ ਖੂਨ ਵਿਚ ਅਲਕੋਹਲ ਦੀ ਮਾਤਰਾ ਕਾਨੂੰਨੀ ਸੀਮਾ ਤੋਂ ਦੁੱਗਣੀ ਸੀ। ਇਸ ਹਾਦਸੇ ਮਗਰੋਂ ਰੋਜ਼ਲਿਨ, ਨਿਊਯਾਰਕ ਦਾ ਰਹਿਣ ਵਾਲਾ ਅਮਨਦੀਪ ਸਿੰਘ ਮੌਕੇ ਤੋਂ ਭੱਜ ਗਿਆ ਸੀ, ਜਿਸ ਨੂੰ ਪੁਲਿਸ ਨੇ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ।
ਨਿਊਯਾਰਕ ਅਦਾਲਤ ਵੱਲੋਂ ਭਾਰਤੀ ਵਿਅਕਤੀ ਨੂੰ 25 ਸਾਲ ਦੀ ਜੇਲ੍ਹ ਦੀ ਸਜ਼ਾ
