ਅਬੂਜਾ, 29 ਨਵੰਬਰ (ਪੰਜਾਬ ਮੇਲ)- ਉੱਤਰੀ ਨਾਈਜੀਰੀਆ ‘ਚ ਨਾਈਜਰ ਨਦੀ ਦੇ ਨਾਲ ਇੱਕ ਫੂਡ ਮਾਰਕੀਟ ਵਿਚ ਜਾ ਰਹੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ 100 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। ਇਸ ਸਬੰਧੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਨਾਈਜਰ ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਬੁਲਾਰੇ ਇਬਰਾਹਿਮ ਔਡੂ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਕਿਸ਼ਤੀ ਸ਼ੁੱਕਰਵਾਰ ਸਵੇਰੇ ਨਦੀ ਦੇ ਨਾਲ-ਨਾਲ ਕੋਗੀ ਰਾਜ ਤੋਂ ਯਾਤਰੀਆਂ ਨੂੰ ਗੁਆਂਢੀ ਨਾਈਜਰ ਲੈ ਜਾ ਰਹੀ ਸੀ, ਜਦੋਂ ਇਹ ਪਲਟ ਗਈ। ਸਥਾਨਕ ਚੈਨਲ ਟੈਲੀਵਿਜ਼ਨ ਨੇ ਚਸ਼ਮਦੀਦਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਘਟਨਾ ਸਥਾਨ ‘ਤੇ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂਕਿ ਸਥਾਨਕ ਗੋਤਾਖੋਰ ਦੂਜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਹਾਦਸੇ ਦਾ ਕਾਰਨ ਕੀ ਹੈ। ਹਾਲਾਂਕਿ, ਸਥਾਨਕ ਮੀਡੀਆ ਨੇ ਦੱਸਿਆ ਕਿ ਕਿਸ਼ਤੀ ਵਿਚ 200 ਤੋਂ ਵੱਧ ਯਾਤਰੀ ਸਵਾਰ ਸਨ, ਜੋ ਇਸ ਪਾਸੇ ਇਸ਼ਾਰਾ ਕਰਦੇ ਹਨ ਕਿ ਇਹ ਕਿਸ਼ਤੀ ਓਵਰਲੋਡ ਹੋ ਸਕਦੀ ਹੈ। ਨਾਈਜੀਰੀਆ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿਚ ਵਾਹਨਾਂ ਦੀ ਭੀੜ ਆਮ ਗੱਲ ਹੈ, ਜਿੱਥੇ ਚੰਗੀਆਂ ਸੜਕਾਂ ਦੀ ਘਾਟ ਕਾਰਨ ਕਈਆਂ ਨੂੰ ਕੋਈ ਵਿਕਲਪਿਕ ਰੂਟ ਨਹੀਂ ਮਿਲਦੇ।