#INDIA

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਵਿਚਾਲੇ ਨਹੀਂ ਹੋਈ ਕੋਈ ਠੋਸ ਗੱਲਬਾਤ

-ਭਾਰਤ ਨੇ ਟਰੂਡੋ ਦੀਆਂ ਟਿੱਪਣੀਆਂ ਨੂੰ ਕੀਤਾ ਖਾਰਿਜ; ਸਬੰਧਾਂ ‘ਚ ਤਣਾਅ ਜਾਰੀ
ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਮੇਲ)- ਭਾਰਤ ਨੇ ਲਾਓਸ ‘ਚ 19ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਖਾਰਿਜ ਕਰ ਦਿੱਤਾ ਹੈ। ਸੂਤਰਾਂ ਨੇ ਇੱਥੇ ਸਪੱਸ਼ਟ ਕੀਤਾ ਕਿ ਮੋਦੀ ਅਤੇ ਟਰੂਡੋ ਵਿਚਾਲੇ ਕੋਈ ਠੋਸ ਗੱਲਬਾਤ ਨਹੀਂ ਹੋਈ। ਸੂਤਰਾਂ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਕੈਨੇਡਾ ਦੀ ਧਰਤੀ ‘ਤੇ ਭਾਰਤ ਵਿਰੋਧੀ ਖਾਲਿਸਤਾਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੁੱਧ ਹਿੰਸਾ, ਕੱਟੜਵਾਦ ਅਤੇ ਅੱਤਵਾਦ ਦੀ ਵਕਾਲਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਕਿ ਅਜੇ ਤੱਕ ਨਹੀਂ ਹੋ ਸਕਿਆ ਹੈ।
ਸੂਤਰਾਂ ਨੇ ਕਿਹਾ ਕਿ ਸੰਗਠਿਤ ਅਪਰਾਧ, ਡਰੱਗ ਸਿੰਡੀਕੇਟ ਅਤੇ ਮਨੁੱਖੀ ਸਮੱਗਲਿੰਗ ਨਾਲ ਅਜਿਹੀਆਂ ਤਾਕਤਾਂ ਦਾ ਵਧ ਰਿਹਾ ਗੱਠਜੋੜ ਵੀ ਕੈਨੇਡਾ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਭਾਰਤ ਕੈਨੇਡਾ ਨਾਲ ਸਬੰਧਾਂ ਨੂੰ ਮਹੱਤਵ ਦਿੰਦਾ ਹੈ ਪਰ ਇਨ੍ਹਾਂ ਨੂੰ ਉਦੋਂ ਤੱਕ ਸੁਧਾਰਿਆ ਨਹੀਂ ਜਾ ਸਕਦਾ, ਜਦੋਂ ਤੱਕ ਕੈਨੇਡਾ ਸਰਕਾਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਸਰਗਰਮੀ ਨਾਲ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕਰਦੀ।