#PUNJAB

ਨਕੋਦਰ ਬੇਅਦਬੀ ਕਾਂਡ: 40 ਸਾਲ ਬਾਅਦ ਵੀ ਪੀੜਤਾਂ ਨੂੰ ਨਾ ਮਿਲ ਸਕਿਆ ਇਨਸਾਫ਼

ਚਾਰ ਨੌਜਵਾਨਾਂ ‘ਚੋਂ ਇਕ ਦੇ ਪਿਤਾ ਜ਼ਿੰਦਾ; ਸ਼੍ਰੋਮਣੀ ਕਮੇਟੀ ‘ਤੇ ਬਾਂਹ ਨਾ ਫੜਨ ਦੇ ਦੋਸ਼
ਜਲੰਧਰ, 6 ਫਰਵਰੀ (ਪੰਜਾਬ ਮੇਲ)- ਨਕੋਦਰ ਬੇਅਦਬੀ ਕਾਂਡ ਨੂੰ 40 ਸਾਲ ਬੀਤ ਗਏ ਹਨ। ਇਸ ਘਟਨਾ ਵਿਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ ਰਾਏਪੁਰ ਚਾਲੂਪਰ, ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੌਰਸੀਆਂ ਸ਼ਾਮਲ ਸਨ। ਇਨ੍ਹਾਂ ਸ਼ਹੀਦ ਨੌਜਵਾਨਾਂ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਇਹ ਘਟਨਾ ਕੋਈ ਵੱਡੇ ਪੰਥਕ ਮੁੱਦੇ ਵਜੋਂ ਉੱਭਰ ਸਕੀ।
ਇਨ੍ਹਾਂ ਸ਼ਹੀਦ ਹੋਏ ਚਾਰੇ ਨੌਜਵਾਨਾਂ ਵਿਚੋਂ ਸਿਰਫ਼ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਬਾਪੂ ਬਲਦੇਵ ਸਿੰਘ ਹੀ ਜਿਊਂਦੇ ਹਨ, ਜੋ ਹਰ ਸਾਲ ਕੈਨੇਡਾ ਤੋਂ ਆ ਕੇ ਇਨ੍ਹਾਂ ਚਾਰੇ ਨੌਜਵਾਨਾਂ ਦੀ ਸਾਂਝੀ ਬਰਸੀ ਮਨਾਉਂਦੇ ਹਨ। ਇਹ ਚਾਰੇ ਨੌਜਵਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ‘ਚ ਸਰਗਰਮ ਸਨ।
ਚਾਰ ਦਹਾਕਿਆਂ ਦੌਰਾਨ ਪੰਜਾਬ ਵਿਚ 8 ਮੁੱਖ ਮੰਤਰੀ ਬਣੇ ਤੇ ਬਦਲ ਗਏ ਪਰ ਕਿਸੇ ਨੇ ਇਨਸਾਫ਼ ਨਹੀਂ ਦਿੱਤਾ। ਕੈਨੇਡਾ ਤੋਂ ਆਏ ਬਾਪੂ ਬਲਦੇਵ ਸਿੰਘ ਨੇ ਦੱਸਿਆ ਕਿ 4 ਫਰਵਰੀ 1986 ਤੋਂ ਲੈ ਕੇ 4 ਫਰਵਰੀ 2026 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਸਾਲਾਂ ਦੇ ਇਤਿਹਾਸ ਵਿਚ 10 ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੇ ਇਸ ਮੁੱਦੇ ਬਾਰੇ ਕੋਈ ਸੰਜੀਦਗੀ ਨਹੀਂ ਦਿਖਾਈ। ਸਾਕਾ ਨੀਲਾ ਤਾਰਾ ਤੋਂ ਬਾਅਦ 1985 ਦੌਰਾਨ ਪੰਜਾਬ ਵਿਚ ਭਾਰੀ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ।
ਇਸ ਘਟਨਾ ਤੋਂ ਬਾਅਦ 40 ਸਾਲਾਂ ਵਿਚੋਂ 15 ਸਾਲ ਪੰਥਕ ਸਰਕਾਰ ਰਹੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਰਹੇ ਪਰ ਉਨ੍ਹਾਂ ਨੇ ਵੀ ਇਨਸਾਫ਼ ਦੀ ਕੋਈ ਗੱਲ ਨਹੀਂ ਕੀਤੀ। ਇਨ੍ਹਾਂ ਚਾਲੀ ਸਾਲਾਂ ਵਿਚ 10 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ, ਜਦਕਿ ਮਾਰਚ 1986 ਤੱਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ‘ਤੇ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਘਟਨਾ ਬਾਰੇ ਜਾਂਚ ਕਮੇਟੀ ਵੀ ਬਣਾਈ ਸੀ ਪਰ ਉਹ ਜਾਂਚ ਜਨਤਕ ਨਹੀਂ ਕੀਤੀ ਗਈ।
ਬਾਪੂ ਬਲਦੇਵ ਸਿੰਘ ਦੱਸਦੇ ਹਨ ਕਿ ਫਰਵਰੀ 1986 ਵਿਚ ਜਦੋਂ ਇਹ ਘਟਨਾ ਵਾਪਰੀ ਸੀ, ਤਾਂ ਉਸ ਵੇਲੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ ਤੇ ਐੱਸ.ਐੱਸ.ਪੀ. ਇਜ਼ਹਾਰ ਅਲੀ ਸਨ। ਇਹ ਘਟਨਾ ਨਕੋਦਰ ਦੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮੁਹੱਲ ਗੁਰੂ ਨਾਨਕਪੁਰਾ ਵਿਚ 2 ਫਰਵਰੀ 1986 ਨੂੰ ਵਾਪਰੀ ਸੀ। ਇਸ ਘਟਨਾ ਦੌਰਾਨ ਗੁਰੂ ਗੰਥ ਸਾਹਿਬ ਜੀ ਦੇ ਪੰਜ ਸਰੂਪ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ‘ਤੇ ਅਗਨ ਭੇਟ ਕਰ ਦਿੱਤੇ ਸਨ। ਇਸ ‘ਤੇ ਰੋਸ ਪ੍ਰਗਟ ਕਰਦਿਆਂ ਸਿੱਖ ਸੰਗਤ ਜਾਪ ਕਰ ਰਹੀ ਸੀ। ਅਗਨ ਭੇਟ ਹੋਏ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਿਜਾਣ ਲਈ ਜਦੋਂ ਸੰਗਤ ਅੱਗੇ ਵਧੀ, ਤਾਂ ਉਸ ਵੇਲੇ ਪੰਜਾਬ ਪੁਲਿਸ ਵੱਲੋਂ ਬਿਨਾਂ ਕੋਈ ਚਿਤਾਵਨੀ ਦਿੱਤੇ ਚਲਾਈਆਂ ਗੋਲੀਆਂ ਵਿਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ।