#AMERICA

ਦੱਖਣੀ ਕੈਰੋਲੀਨਾ ਕਸਬੇ ਦੇ ਮੇਅਰ ਦੀ ਸੜਕ ਹਾਦਸੇ ‘ਚ ਮੌਤ

ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਰੋਲੀਨਾ ਰਾਜ ਦੇ ਮੈਕੋਲ ਕਸਬੇ ਦੇ ਮੇਅਰ ਜਾਰਜ ਗਾਰਨਰ ਦੇ ਇਕ ਸੜਕ ਹਾਦਸੇ ‘ਚ ਮਾਰੇ ਜਾਣ ਦੀ ਖਬਰ ਹੈ। ਪ੍ਰਾਪਤ ਵੇਰਵੇ ਅਨੁਸਾਰ ਜਿਸ ਸਮੇ ਇਹ ਹਾਦਸਾ ਹੋਇਆ ਉਸ ਸਮੇ ਸ਼ੈਰਿਫ ਦਫਤਰ ਦੇ ਪੁਲਿਸ ਅਫਸਰ ਵੀ ਉਨ੍ਹਾਂ ਦੇ ਪਿੱਛੇ ਜਾ ਰਹੇ ਸਨ। ਸਾਊਥ ਕੈਰੋਲੀਨਾ ਹਾਈਵੇਅ ਗਸ਼ਤੀ ਦਲ ਨੇ ਜਨਤਿਕ ਰੇਡੀਓ ਤੇ ਸਟੇਟ ਨਿਊਜ਼ ਪੇਪਰ ਕੋਲ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਹਾਦਸਾ ਡਾਰਲਿੰਗਟਨ ਕਾਊਂਟੀ ਦੇ ਕਸਬੇ ਮੈਕਾਨਿਕਸਵਿਲੇ, ਦੱਖਣੀ ਕੈਰੋਲੀਨਾ ‘ਚ ਦੁਪਹਿਰ ਬਾਅਦ ਬੀਤੇ ਦਿਨੀਂ 2.40 ਵਜੇ ਦੇ ਆਸ-ਪਾਸ ਉਸ ਵੇਲੇ ਹੋਇਆ, ਜਦੋਂ ਮੇਅਰ ਦੀ ਕਾਰ ਵਾਲਵੋ ਟਰੈਕਟਰ ਟਰਾਲੇ ਨਾਲ ਟਕਰਾਅ ਗਈ। ਕਾਰ ਵਿਚ ਉਹ ਇੱਕਲੇ ਹੀ ਸਨ। ਗਾਰਨਰ ਨੂੰ ਨੇੜੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ। ਹਾਦਸੇ ਵਿਚ ਟਰੈਕਟਰ ਟਰਾਲੇ ਦਾ ਡਰਾਈਵਰ ਵੀ ਜ਼ਖਮੀ ਹੋਇਆ ਹੈ, ਜੋ ਹਸਪਤਾਲ ਵਿਚ ਦਾਖਲ ਹੈ। ਗਾਰਨਰ ਹਾਲ ਹੀ ਵਿਚ ਮਾਰਲਬੋਰੋ ਕਾਊਂਟੀ ਦੇ ਤਕਰੀਬਨ 1900 ਦੀ ਆਬਾਦੀ ਵਾਲੇ ਕਸਬੇ ਮੈਕੋਲ ਦੇ ਮੁੜ ਮੇਅਰ ਚੁਣੇ ਗਏ ਸਨ।