ਦੁਬਈ, 29 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਹੁਣ ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਾਉਣ ਜਾ ਰਿਹਾ ਹੈ। ਇਸ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਐਤਵਾਰ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ 128 ਬਿਲੀਅਨ ਦਿਰਹਾਮ (35 ਬਿਲੀਅਨ ਡਾਲਰਸ) ਯਾਨੀ ਭਾਰਤੀ ਕਰੰਸੀ ‘ਚ ‘2 ਲੱਖ, 91 ਹਜ਼ਾਰ ਕਰੋੜ ਰੁਪਏ’ ਦੀ ਲਾਗਤ ਨਾਲ ਇਕ ਨਵੇਂ ਯਾਤਰੀ ਟਰਮੀਨਲ ਨੂੰ ਮਨਜ਼ੂਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਸ ਏਅਰਪੋਰਟ ਨੂੰ ਬਣਾਉਣ ਦਾ ਕੰਮ 2013 ‘ਚ ਹੀ ਸ਼ੁਰੂ ਹੋ ਗਿਆ ਸੀ।
ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਇਸ ਹਵਾਈ ਅੱਡੇ ਦੀ ਸਮਰੱਥਾ 260 ਮਿਲੀਅਨ ਯਾਨੀ 26 ਕਰੋੜ ਯਾਤਰੀਆਂ ਦੀ ਹੋਵੇਗੀ। ਇਹ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ।
ਆਉਣ ਵਾਲੇ ਸਾਲਾਂ ‘ਚ ਦੁਬਈ ਹਵਾਈ ਅੱਡੇ ਦੇ ਸਾਰੇ ਸੰਚਾਲਨ ਅਲ ਮਕਤੂਮ ‘ਚ ਤਬਦੀਲ ਕਰ ਦਿੱਤੇ ਜਾਣਗੇ। ਅਲ ਮਕਤੂਮ ਹਵਾਈ ਅੱਡੇ ‘ਚ 400 ਟਰਮੀਨਲ ਗੇਟ ਤੇ 5 ਰਨਵੇ ਵੀ ਸ਼ਾਮਲ ਹੋਣਗੇ।
ਦੁਬਈ ਦੀ ਸਰਕਾਰੀ ਮਾਲਕੀ ਵਾਲੀ ਏਅਰਲਾਈਨ ਅਮੀਰਾਤ ਦੇ ਚੇਅਰਮੈਨ ਸ਼ੇਖ ਅਹਿਮਦ ਬਿਨ ਸਈਦ ਅਲ-ਮਕਤੂਮ ਨੇ ਕਿਹਾ ਕਿ ਹਵਾਈ ਅੱਡਾ ਫਲੈਗਸ਼ਿਪ ਕੈਰੀਅਰ ਅਮੀਰਾਤ ਤੇ ਇਸ ਦੀ ਘੱਟ ਕੀਮਤ ਵਾਲੀ ਏਅਰਲਾਈਨ ਫਲਾਈਦੁਬਈ ਦੇ ਨਾਲ-ਨਾਲ ਦੁਨੀਆ ਨੂੰ ਦੁਬਈ ਨਾਲ ਜੋੜਨ ਵਾਲੇ ਸਾਰੇ ਏਅਰਲਾਈਨਜ਼ ਭਾਈਵਾਲਾਂ ਲਈ ਨਵਾਂ ਘਰ ਹੋਵੇਗਾ।
ਦੁਬਈ ਮੀਡੀਆ ਦਫ਼ਤਰ ਨੇ ਦੁਬਈ ਹਵਾਈ ਅੱਡਿਆਂ ਦੇ ਸੀ.ਈ.ਓ. ਪਾਲ ਗ੍ਰਿਫਿਥਸ ਦੇ ਹਵਾਲੇ ਨਾਲ ਕਿਹਾ, ”ਇਹ ਕਦਮ ਵਿਸ਼ਵ ਪੱਧਰ ‘ਤੇ ਇਕ ਪ੍ਰਮੁੱਖ ਹਵਾਬਾਜ਼ੀ ਹੱਬ ਵਜੋਂ ਦੁਬਈ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।”