#AMERICA #EUROPE

ਦੁਨੀਆਂ ਭਰ ਦੇ 58% ਦੇਸ਼ਾਂ ਨੇ ਸਕੂਲਾਂ ‘ਚ ਮੋਬਾਈਲ ਫੋਨਾਂ ‘ਤੇ ਲਗਾਈਆਂ ਪਾਬੰਦੀਆਂ

ਨਿਊਯਾਰਕ/ਲੰਡਨ, 7 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ਦੇ ਸਕੂਲਾਂ ਵਿਚ ਮੋਬਾਈਲ ਫ਼ੋਨਾਂ ਦੀ ਵਰਤੋਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿਚ ਜਾਰੀ ਕੀਤੇ ਗਏ ਗਲੋਬਲ ਅੰਕੜਿਆਂ ਅਤੇ ਖੋਜਾਂ ਅਨੁਸਾਰ, ਸਕੂਲਾਂ ਵਿਚ ਸਮਾਰਟਫ਼ੋਨ ‘ਤੇ ਪਾਬੰਦੀ ਲਗਾਉਣ ਨਾਲ ਵਿਦਿਆਰਥੀਆਂ ਵਿਚ ਮਾਨਸਿਕ ਤਣਾਅ ਅਤੇ ਭਟਕਣਾ (ਡਿਸਟ੍ਰੈਕਸ਼ਨ) ਘੱਟ ਹੋਈ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਸਿਰਫ਼ ਪੂਰਨ ਪਾਬੰਦੀ ਹੀ ਹਰ ਸਮੱਸਿਆ ਦਾ ਹੱਲ ਨਹੀਂ ਹੈ। ਸਕੂਲ ਵਿਚ ਫ਼ੋਨ ਬੈਨ ਵਿਦਿਆਰਥੀਆਂ ਦੀ ਭਲਾਈ ਵਿਚ ਮਦਦਗਾਰ ਹੈ ਪਰ ਇਸ ਦੇ ਨਾਲ-ਨਾਲ ਜ਼ਿੰਮੇਵਾਰ ਤਕਨੀਕੀ ਸਿਖਲਾਈ ਅਤੇ ਅਧਿਆਪਕਾਂ ਦਾ ਸਹਿਯੋਗ ਵੀ ਲਾਜ਼ਮੀ ਹੈ।
ਫਰਾਂਸ, ਚੀਨ, ਕੈਨੇਡਾ, ਡੈਨਮਾਰਕ ਅਤੇ ਇੰਗਲੈਂਡ ਵਰਗੇ ਦੇਸ਼ਾਂ ਨੇ ਸਕੂਲ ਦੇ ਸਮੇਂ ਦੌਰਾਨ ਫ਼ੋਨ ਦੀ ਵਰਤੋਂ ‘ਤੇ ਸਖ਼ਤ ਸੀਮਾਵਾਂ ਲਗਾਈਆਂ ਹਨ। ਯੂਨੈਸਕੋ ਦੀ ਜੈਮ ਰਿਪੋਰਟ (ਮਾਰਚ 2026 ਤੱਕ ਦੇ ਅੰਕੜੇ) ਮੁਤਾਬਕ ਦੁਨੀਆਂ ਦੇ 58% ਦੇਸ਼ਾਂ ਨੇ ਸਕੂਲਾਂ ਵਿਚ ਫ਼ੋਨਾਂ ‘ਤੇ ਰੋਕ ਲਗਾਈ ਹੋਈ ਹੈ, ਜਿਸ ਅਨੁਸਾਰ ਮੱਧ ਅਤੇ ਦੱਖਣੀ ਏਸ਼ੀਆ ਵੱਲੋਂ ਸਭ ਤੋਂ ਵੱਧ 92% ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਯੂਰਪ ਅਤੇ ਉੱਤਰੀ ਅਮਰੀਕਾ ‘ਚ 86% ਸਕੂਲਾਂ ਵਿਚ ਇਹ ਨਿਯਮ ਲਾਗੂ ਹੋਇਆ ਹੈ। ਓਸ਼ੀਨੀਆ ‘ਚ ਸਭ ਤੋਂ ਘੱਟ 38% ਸਕੂਲਾਂ ‘ਚ ਇਹ ਪਾਬੰਦੀ ਹੈ।
ਹੰਗਰੀ ਅਤੇ ਦੱਖਣੀ ਆਸਟ੍ਰੇਲੀਆ ਵਿਚ ਹੋਏ ਅਧਿਐਨਾਂ ਨੇ ਕਈ ਹੈਰਾਨੀਜਨਕ ਤੱਥ ਪੇਸ਼ ਕੀਤੇ ਹਨ। ਜਿਸ ਮੁਤਾਬਕ ਹੰਗਰੀ ਵਿਚ ਪਾਬੰਦੀ ਤੋਂ ਪਹਿਲਾਂ 37% ਵਿਦਿਆਰਥੀ ਸਕੂਲ ਵਿਚ ਫ਼ੋਨ ਵਰਤਦੇ ਸਨ, ਜੋ ਹੁਣ ਘੱਟ ਕੇ ਸਿਰਫ਼ 4% ਰਹਿ ਗਏ ਹਨ। ਇਸ ਨਾਲ ਅਧਿਆਪਕਾਂ ਨੇ ਦੇਖਿਆ ਹੈ ਕਿ ਵਿਦਿਆਰਥੀ ਹੁਣ ਆਪਸੀ ਗੱਲਬਾਤ (ਫੇਸ-ਟੂ-ਫੇਸ) ਜ਼ਿਆਦਾ ਕਰਦੇ ਹਨ ਅਤੇ ਖੇਡਾਂ (ਜਿਵੇਂ ਸ਼ਤਰੰਜ ਤੇ ਤਾਸ਼) ਵਿਚ ਜ਼ਿਆਦਾ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਵਿਚ 1,000 ਤੋਂ ਵੱਧ ਵਿਦਿਆਰਥੀਆਂ ‘ਤੇ ਕੀਤੇ ਅਧਿਐਨ ਅਨੁਸਾਰ, ਵਿਦਿਆਰਥੀਆਂ ਵਿਚ ਮਾਨਸਿਕ ਪ੍ਰੇਸ਼ਾਨੀ 2.4% ਘੱਟ ਹੋਈ ਹੈ ਅਤੇ ਉਦਾਸੀ ਤੇ ਡਰ ਵਰਗੀਆਂ ਨਕਾਰਾਤਮਕ ਭਾਵਨਾਵਾਂ ਵਿਚ 5.2% ਦੀ ਕਮੀ ਆਈ ਹੈ।