#PUNJAB

ਦੀਵਾਲੀ ਦੀ ਰਾਤ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ‘ਤੇ ਪਹੁੰਚਿਆ

-ਜਾਰੀ ਹੋ ਗਿਆ ਅਲਰਟ
ਚੰਡੀਗੜ੍ਹ, 1 ਨਵੰਬਰ (ਪੰਜਾਬ ਮੇਲ)- ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਹੈ ਕਿਉਂਕਿ ਦੀਵਾਲੀ ਦੀ ਰਾਤ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਆਲਮ ਇਹ ਹੈ ਕਿ ਜ਼ਿਆਦਾਤਰ ਸ਼ਹਿਰਾਂ ‘ਚ ਪ੍ਰਦੂਸ਼ਣ ਆਰੇਂਜ ਅਲਰਟ ‘ਤੇ ਹੈ। ਦੀਵਾਲੀ ਦੇ ਚੱਲਦੇ ਜਦੋਂ ਰਾਤ ਨੂੰ ਪਟਾਕੇ ਚੱਲਣੇ ਸ਼ੁਰੂ ਹੋਏ, ਤਾਂ ਏ.ਕਿਊ.ਆਈ. 500 ਨੂੰ ਪਾਰ ਕਰ ਗਿਆ। ਇਥੇ ਚਿੰਤਾ ਇਸ ਗੱਲ ਦੀ ਹੈ ਕਿ ਜਦੋਂ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਖਤਰੇ ਦੇ ਪੱਧਰ ‘ਤੇ ਪਹੁੰਚ ਜਾਂਦਾ ਹੈ, ਤਾਂ ਲੋਕਾਂ ਵਿਚ ਸਿਹਤ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਸੀਮਤ ਕੀਤਾ ਹੈ।
ਹਾਲਾਂਕਿ ਸਰਕਾਰੀ ਹਦਾਇਤਾਂ ਅਨੁਸਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਨਿਰਧਾਰਤ ਕੀਤਾ ਗਿਆ ਪਰ ਇਸ ਦੇ ਬਾਵਜੂਦ ਸ਼ਾਮ ਨੂੰ ਪਟਾਕੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਦੇ ਰਹੇ। ਇਸ ਦੇ ਚੱਲਦੇ ਅੰਮ੍ਰਿਤਸਰ, ਜਲੰਧਰ, ਖੰਨਾ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿਚ ਏ.ਕਿਊ.ਆਈ. 400 ਤੋਂ 500 ਦੇ ਵਿਚਕਾਰ ਦਰਜ ਕੀਤਾ ਗਿਆ। ਇੰਨਾ ਹੀ ਨਹੀਂ, ਇਨ੍ਹਾਂ ਸ਼ਹਿਰਾਂ ਦਾ ਔਸਤ ਏ.ਕਿਊ.ਆਈ. ਵੀ 200 ਤੋਂ 300 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਵੱਡੇ ਸ਼ਹਿਰਾਂ ‘ਚ ਏ.ਕਿਊ.ਆਈ. ਖ਼ਤਰਨਾਕ ਪੱਧਰ ‘ਤੇ ਹੈ।
ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਨੇ ਏ.ਕਿਊ.ਆਈ. ਨੂੰ ਖਤਰਨਾਕ ਸ਼੍ਰੇਣੀ ਵਿਚ ਦਰਜ ਕੀਤਾ ਹੈ। ਪਟਾਕਿਆਂ ਕਾਰਨ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਅਤੇ ਧੂੜ ਦੇ ਕਣ ਹਵਾ ਦੀ ਗੁਣਵੱਤਾ ਨੂੰ ਕਾਫ਼ੀ ਖ਼ਰਾਬ ਕਰਦੇ ਹਨ। ਮਾਹਿਰਾਂ ਅਨੁਸਾਰ ਇਸ ਸਮੇਂ ਪੀ.ਐੱਮ. 2.5 ਅਤੇ ਪੀ.ਐੱਮ. 10 ਵਰਗੇ ਪ੍ਰਦੂਸ਼ਕਾਂ ਦਾ ਪੱਧਰ ਆਮ ਨਾਲੋਂ ਕਈ ਗੁਣਾ ਵੱਧ ਹੋ ਗਿਆ ਹੈ, ਜਿਸ ਕਾਰਨ ਸਾਹ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਗਿਆ ਹੈ। ਪ੍ਰਦੂਸ਼ਣ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਹੀ ਬਿਮਾਰ ਲੋਕਾਂ ਦੀ ਸਿਹਤ ਕਾਫ਼ੀ ਪ੍ਰਭਾਵਿਤ ਹੋਈ ਹੈ। ਹਸਪਤਾਲਾਂ ‘ਚ ਸਾਹ ਲੈਣ ਵਿਚ ਤਕਲੀਫ਼, ਐਲਰਜੀ ਅਤੇ ਅੱਖਾਂ ਵਿਚ ਜਲਣ ਦੀਆਂ ਸ਼ਿਕਾਇਤਾਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਡਾਕਟਰਾਂ ਨੇ ਲੋਕਾਂ ਨੂੰ ਮਾਸਕ ਪਹਿਨਣ, ਘਰ ਦੇ ਅੰਦਰ ਰਹਿਣ ਅਤੇ ਖਾਸ ਤੌਰ ‘ਤੇ ਸਵੇਰੇ ਅਤੇ ਰਾਤ ਨੂੰ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।