ਨਵੀਂ ਦਿੱਲੀ, 27 ਮਾਰਚ (ਪੰਜਾਬ ਮੇਲ)-ਆਬਕਾਰੀ ਨੀਤੀ ਨਾਲ ਸਬੰਧਿਤ ਮਨੀ ਲਾਂਡਰਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਇਕ ਜਨਹਿੱਤ ਪਟੀਸ਼ਨ (ਪੀ.ਆਈ.ਐੱਲ.) ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀ ਗਈ। ਪਟੀਸ਼ਨ ਵਿਚ ਕਿਹਾ ਗਿਆ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਵੱਖ-ਵੱਖ ਚੈਨਲਾਂ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਅਤੇ ਜੇਕਰ ਲੋੜ ਪਈ ਤਾਂ ਜੇਲ੍ਹ ਵਿਚੋਂ ਸਰਕਾਰ ਚਲਾਉਣਗੇ। ਸੁਰਜੀਤ ਸਿੰਘ ਯਾਦਵ ਨੇ ਵਕੀਲ ਸ਼ਸ਼ੀ ਰੰਜਨ ਕੁਮਾਰ ਸਿੰਘ ਰਾਹੀਂ ਦਾਇਰ ਪਟੀਸ਼ਨ ਵਿਚ ਕਿਹਾ ਹੈ ਕਿ ਇਸ ਨਾਲ ਕਾਨੂੰਨ ਦੀ ਉਚਿਤ ਪ੍ਰਕਿਰਿਆ ‘ਚ ਰੁਕਾਵਟ ਪੈਦਾ ਹੋਵੇਗੀ।
ਆਤਿਸ਼ੀ ਨੇ ਦਾਅਵਾ ਕੀਤਾ ਕਿ ਕਥਿਤ ਆਬਕਾਰੀ ਨੀਤੀ ਘਪਲੇ ਵਿਚ ਕਈ ਛਾਪੇ, ਗ੍ਰਿਫਤਾਰੀਆਂ ਅਤੇ ਦੋ ਸਾਲਾਂ ਦੀ ਜਾਂਚ ਦੇ ਬਾਵਜੂਦ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਆਮ ਆਦਮੀ ਪਾਰਟੀ (ਆਪ) ਦੇ ਕਿਸੇ ਆਗੂ ਖਿਲਾਫ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਾਬਤ ਨਹੀਂ ਕਰ ਸਕੀ। ‘ਆਪ’ ਆਗੂ ਨੇ ਇਹ ਵੀ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਰਦ ਪੀ. ਰੈੱਡੀ ਦੇ ਬਿਆਨ ਦੇ ਆਧਾਰ ‘ਤੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ।
ਆਤਿਸ਼ੀ ਨੇ ਕਿਹਾ ਕਿ ਅਰਬਿੰਦੋ ਫਾਰਮਾ ਦੇ ਰੈੱਡੀ ਨੂੰ ਡਾਇਰੈਕਟੋਰੇਟ ਨੇ ਨਵੰਬਰ ‘ਚ ਐਕਸਾਈਜ਼ ਨੀਤੀ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਰੈੱਡੀ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ ਕਰੋੜਾਂ ਰੁਪਏ ਦਿੱਤੇ। ਆਤਿਸ਼ੀ ਨੇ ਈ.ਡੀ. ਨੂੰ ਭਾਜਪਾ ਖ਼ਿਲਾਫ਼ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ ਅਤੇ ਦੋਸ਼ ਲਾਇਆ ਕਿ ਅਖੌਤੀ ਆਬਕਾਰੀ ਨੀਤੀ ਘਪਲੇ ਵਿਚ ਪੈਸੇ ਦਾ ਲੈਣ-ਦੇਣ ਭਾਜਪਾ ਨਾਲ ਜੁੜਿਆ ਹੋਇਆ ਹੈ। ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਨੂੰ ਆਪਣੇ ਬੈਂਕ ਖਾਤਿਆਂ ਵਿਚ ਅਪਰਾਧ ਦੀ ਕਮਾਈ ਮਿਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਨੂੰ ਇਸ ਮਾਮਲੇ ‘ਚ ਭਾਜਪਾ ਮੁਖੀ ਜੇ.ਪੀ. ਨੱਢਾ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।