#INDIA

ਦਿੱਲੀ ਬਲਾਸਟ; ਅਮਰੀਕੀ ਦੂਤਘਰ ਵੱਲੋਂ ਆਪਣੇ ਨਾਗਰਿਕਾਂ ਲਈ ਸੁਰੱਖਿਆ ਐਡਵਾਈਜ਼ਰੀ ਜਾਰੀ

-ਬਲਾਸਟ ਨੂੰ ਲੈ ਕੇ ਯੂ.ਏ.ਪੀ.ਏ. ਤਹਿਤ ਕੇਸ ਦਰਜ
ਨਵੀਂ ਦਿੱਲੀ, 11 ਨਵੰਬਰ (ਪੰਜਾਬ ਮੇਲ)- ਸੋਮਵਾਰ ਸ਼ਾਮ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕਾਰ ਵਿਚ ਧਮਾਕਾ ਹੋਇਆ, ਜਿਸ ਵਿਚ 13 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਹ ਘਟਨਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਹੁੰਡਈ ਆਈ-20 ਕਾਰ ਅਚਾਨਕ ਫਟ ਗਈ। ਧਮਾਕੇ ਨਾਲ ਨੇੜਲੇ ਵਾਹਨਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਦਿੱਲੀ ਅਪਰਾਧ ਸ਼ਾਖਾ ਅਤੇ ਵਿਸ਼ੇਸ਼ ਸ਼ਾਖਾ ਦੀਆਂ ਟੀਮਾਂ 10 ਮਿੰਟਾਂ ਦੇ ਅੰਦਰ-ਅੰਦਰ ਘਟਨਾ ਸਥਾਨ ‘ਤੇ ਪਹੁੰਚ ਗਈਆਂ। ਜਾਂਚ ਜਾਰੀ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਧਮਾਕੇ ਤੋਂ ਬਾਅਦ ਅਮਰੀਕੀ ਦੂਤਘਰ ਨੇ ਭਾਰਤ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ, ”10 ਨਵੰਬਰ, 2025 ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕਾਰ ਵਿਚ ਧਮਾਕਾ ਹੋਇਆ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਧਮਾਕੇ ਦਾ ਕਾਰਨ ਫਿਲਹਾਲ ਅਣਜਾਣ ਹੈ।” ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਲਾਲ ਕਿਲ੍ਹਾ, ਚਾਂਦਨੀ ਚੌਕ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਸਥਾਨਕ ਮੀਡੀਆ ਨਾਲ ਅਪਡੇਟ ਰਹਿਣ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਬ੍ਰਿਟੇਨ, ਸ਼੍ਰੀਲੰਕਾ, ਮੋਰੋਕੋ ਅਤੇ ਆਸਟ੍ਰੇਲੀਆ ਦੇ ਡਿਪਲੋਮੈਟਾਂ ਨੇ ਧਮਾਕੇ ਤੋਂ ਬਾਅਦ ਆਪਣੀ ਹਮਦਰਦੀ ਪ੍ਰਗਟ ਕੀਤੀ। ਬ੍ਰਿਟਿਸ਼ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੇ ਕਿਹਾ, ”ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਮੇਰੀ ਹਮਦਰਦੀ।” ਸ਼੍ਰੀਲੰਕਾ ਹਾਈ ਕਮਿਸ਼ਨ ਨੇ ਟਵਿੱਟਰ ‘ਤੇ ਲਿਖਿਆ, ”ਅਸੀਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।” ਮੋਰੋਕੋ ਅਤੇ ਆਸਟ੍ਰੇਲੀਆ ਦੇ ਡਿਪਲੋਮੈਟਾਂ ਨੇ ਵੀ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪੋਸਟ ਕੀਤੀ ਅਤੇ ਭਾਰਤ ਨਾਲ ਇਕਜੁੱਟਤਾ ਪ੍ਰਗਟ ਕੀਤੀ।
ਇਸ ਦੌਰਾਨ, ਦਿੱਲੀ ਪੁਲਿਸ ਨੇ ਕਿਹਾ ਕਿ ਕੋਤਵਾਲੀ ਪੁਲਿਸ ਸਟੇਸ਼ਨ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 16, 18 ਅਤੇ ਵਿਸਫੋਟਕ ਐਕਟ ਅਤੇ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।