#INDIA

ਦਿੱਲੀ ਪੁਲਿਸ ਵੱਲੋਂ 5,600 ਕਰੋੜ ਰੁਪਏ ਦੀ ਕੋਕੀਨ ਅਤੇ ਭੰਗ ਜ਼ਬਤ

ਨਵੀਂ ਦਿੱਲੀ, 3 ਅਕਤੂਬਰ (ਪੰਜਾਬ ਮੇਲ)-ਦਿੱਲੀ ਪੁਲਿਸ ਵੱਲੋਂ 560 ਕਿੱਲੋਗ੍ਰਾਮ ਕੋਕੀਨ ਅਤੇ 40 ਕਿੱਲੋਗ੍ਰਾਮ ਭੰਗ (ਮਾਰੀਜੁਆਨਾ) ਜ਼ਬਤ ਕਰਨ ਦੀ ਖ਼ਬਰ ਹੈ, ਜਿਨ੍ਹਾਂ ਦੀ ਕੀਮਤ ਲਗਭਗ 5,620 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਦੱਖਣੀ ਦਿੱਲੀ ਦੇ ਮਹੀਪਾਲਪੁਰ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 600 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀ ਖੇਪ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤੁਸ਼ਾਰ ਗੋਇਲ (40), ਹਿਮਾਂਸ਼ੂ ਕੁਮਾਰ (27) ਅਤੇ ਔਰੰਗਜ਼ੇਬ ਸਿੱਦੀਕੀ (23) ਦਿੱਲੀ ਤੇ ਭਾਰਤ ਕੁਮਾਰ ਜੈਨ (48) ਮੁੰਬਈ ਵਜੋਂ ਹੋਈ ਹੈ।
ਵਧੀਕ ਪੁਲਿਸ ਕਮਿਸ਼ਨਰ (ਸਪੈਸ਼ਲ ਸੈੱਲ) ਪੀ.ਐੱਸ. ਕੁਸ਼ਵਾਹ ਨੇ ਦੱਸਿਆ ਕਿ ਗੋਇਲ, ਵਸੰਤ ਵਿਹਾਰ ਦੇ ਇਕ ਪੌਸ਼ ਇਲਾਕੇ ਦਾ ਵਸਨੀਕ, ਇਸ ਅੰਤਰਰਾਸ਼ਟਰੀ ਰੈਕੇਟ ਲਈ ਭਾਰਤ ‘ਚ ਨਸ਼ੀਲੇ ਪਦਾਰਥਾਂ ਦਾ ਇਕ ਵੱਡਾ ਵਿਤਰਕ ਹੈ ਅਤੇ ਬਾਕੀ 3 ਉਸ ਦੇ ਸਾਥੀ ਹਨ। ਕੁਸ਼ਵਾਹ ਨੇ ਦੱਸਿਆ ਕਿ ਜਿਸ ਸਮੇਂ ਜੈਨ, ਗੋਇਲ ਤੋਂ 15 ਕਿੱਲੋ ਕੋਕੀਨ ਦੀ ਖੇਪ ਲੈਣ ਲਈ ਦਿੱਲੀ ਆਇਆ ਸੀ, ਉਸ ਸਮੇਂ ਹੀ ਉਨ੍ਹਾਂ ਚਾਰਾਂ ਨੂੰ ਮਹੀਪਾਲਪੁਰ ਦੇ ਇਕ ਗੁਦਾਮ ਦੇ ਬਾਹਰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਗੁਦਾਮ ‘ਚੋਂ ਪਾਬੰਦੀਸ਼ੁਦਾ ਦਵਾਈਆਂ ਦੇ 22 ਡੱਬੇ ਮਿਲੇ ਹਨ, ਜਿਨ੍ਹਾਂ ‘ਚ 547 ਕਿੱਲੋ ਕੋਕੀਨ ਤੇ 40 ਕਿੱਲੋ ਤੋਂ ਵੱਧ ‘ਹਾਈਡਰੋਪੋਨਿਕ’ ਭੰਗ ਸੀ। ਕੁਸ਼ਵਾਹ ਨੇ ਕਿਹਾ ਕਿ ਇਹ ਦਿੱਲੀ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੋਕੀਨ ਦੀ ਅੰਦਾਜ਼ਨ ਕੀਮਤ 10 ਕਰੋੜ ਰੁਪਏ ਪ੍ਰਤੀ ਕਿੱਲੋਗ੍ਰਾਮ ਹੈ ਅਤੇ ‘ਹਾਈਡਰੋਪੋਨਿਕ’ ਭੰਗ ਦੀ ਕੀਮਤ 50 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਿਤ ਕੀਮਤ 5,620 ਕਰੋੜ ਰੁਪਏ ਹੈ।