#EUROPE #INDIA

ਤੇਲ ਤੋਂ ਬਾਅਦ ਹੁਣ ਰੂਸ ਨੇ ਭਾਰਤ ਨੂੰ ਐੱਲ.ਐੱਨ.ਜੀ. ਸਪਲਾਈ ਦੀ ਪੇਸ਼ਕਸ਼

ਮਾਸਕੋ/ਨਵੀਂ ਦਿੱਲੀ, 13 ਮਾਰਚ (ਪੰਜਾਬ ਮੇਲ)- ਮੱਧ ਪੂਰਬ ਵਿਚ ਜਾਰੀ ਜੰਗ ਅਤੇ ਭਾਰਤ ਵਿਚ ਗੈਸ-ਸਿਲੰਡਰਾਂ ਦੀ ਹੋ ਰਹੀ ਕਿੱਲਤ ਦੇ ਵਿਚਕਾਰ ਰੂਸ ਇੱਕ ਵਾਰ ਫਿਰ ਭਾਰਤ ਲਈ ‘ਸੰਕਟਮੋਚਕ’ ਬਣ ਕੇ ਸਾਹਮਣੇ ਆਇਆ ਹੈ। ਰੂਸ ਨੇ ਭਾਰਤ ਨੂੰ ਐੱਲ.ਐੱਨ.ਜੀ. (ਲਿਕੁਈਫਾਈਡ ਨੈਚੂਰਲ ਗੈਸ) ਦੀ ਸਪਲਾਈ ਦੇਣ ਦੀ ਵੱਡੀ ਪੇਸ਼ਕਸ਼ ਕੀਤੀ ਹੈ, ਜੋ ਕਿ ਦੇਸ਼ ਵਿਚ ਵਧ ਰਹੇ ਊਰਜਾ ਸੰਕਟ ਨੂੰ ਹੱਲ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ।
ਭਾਰਤ ਵਿਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਰੂਸ ਭਾਰਤ ਨੂੰ ਸਿੱਧੇ ਤੌਰ ‘ਤੇ ਐੱਲ.ਐੱਨ.ਜੀ. ਸਪਲਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਪਿਛਲੇ ਕਰਾਰਾਂ ਵਿਚ ਰੁਕਾਵਟ ਆਈ ਸੀ, ਪਰ ਹੁਣ ਰੂਸ ਭਾਰਤ ਨੂੰ ਗੈਸ ਭੇਜਣ ਲਈ ਨਵੇਂ ਕੂਟਨੀਤਕ ਰਸਤੇ ਤਲਾਸ਼ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਕੰਪਨੀ GAIL ਨੇ ਰੂਸ ਦੀ ਸਰਕਾਰੀ ਕੰਪਨੀ ਗਜ਼ਪ੍ਰੋਮ ਨਾਲ 20 ਸਾਲਾਂ ਲਈ ਇੱਕ ਲੰਬਾ ਕਰਾਰ ਕੀਤਾ ਸੀ। ਇਸ ਸਮਝੌਤੇ ਤਹਿਤ ਰੂਸ ਨੇ ਹਰ ਸਾਲ 25 ਲੱਖ ਟਨ ਐੱਲ.ਐੱਨ.ਜੀ. ਦੀ ਸਪਲਾਈ ਕਰਨੀ ਸੀ। ਪਰ ਯੂਕਰੇਨ ਜੰਗ ਤੋਂ ਬਾਅਦ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਇਹ ਸਪਲਾਈ ਰੁੱਕ ਗਈ ਸੀ। ਹੁਣ ਈਰਾਨ-ਇਜ਼ਰਾਈਲ ਜੰਗ ਦੌਰਾਨ ਜਦੋਂ ਭਾਰਤ ਵਿਚ ਊਰਜਾ ਦੀ ਮੰਗ ਵਧੀ ਹੈ, ਤਾਂ ਰੂਸ ਨੇ ਮੁੜ ਮਦਦ ਦਾ ਹੱਥ ਵਧਾਇਆ ਹੈ।
ਰੂਸੀ ਰਾਜਦੂਤ ਨੇ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਜ਼ੋਰਦਾਰ ਬਚਾਅ ਕਰਦਿਆਂ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੂੰ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਕਿਸੇ ਵੀ ਦੇਸ਼ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
ਰੂਸ ਤੋਂ ਗੈਸ ਦੀ ਸਪਲਾਈ ਸ਼ੁਰੂ ਹੋਣ ਨਾਲ ਭਾਰਤ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਹ ਸੌਦਾ ਦੁਨੀਆਂ ਦੇ ਸਭ ਤੋਂ ਸਸਤੇ ਐੱਲ.ਐੱਨ.ਜੀ. ਸੌਦਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਦੀ ਅੰਦਾਜ਼ਨ ਕੀਮਤ 20 ਸਾਲਾਂ ਲਈ 25 ਬਿਲੀਅਨ ਡਾਲਰ ਹੈ। ਅਜਿਹੇ ਸਮੇਂ ਵਿਚ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ, ਰੂਸ ਦੀ ਇਹ ਪੇਸ਼ਕਸ਼ ਭਾਰਤ ਲਈ ਇੱਕ ਰਣਨੀਤਕ ਜਿੱਤ ਵਜੋਂ ਦੇਖੀ ਜਾ ਰਹੀ ਹੈ।