#OTHERS

ਤੁਰਕੀ ‘ਚ ਭੂਚਾਲ ਤੋਂ 100 ਘੰਟੇ ਬਾਅਦ ਰਾਹਤ ਕਰਮੀਆਂ ਨੇ ਮਲਬੇ ਹੇਠ ਦੱਬੇ 9 ਵਿਅਕਤੀ ਬਚਾਏ

ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠ ਦੱਬੇ ਹੋਏ ਸਨ ਵਿਅਕਤੀ
ਮਰਨ ਵਾਲਿਆਂ ਦੀ ਕੁੱਲ ਗਿਣਤੀ 20 ਹਜ਼ਾਰ ਤੋਂ ਪਾਰ
ਇਸਕੰਦਰਨ (ਤੁਰਕੀ), 11 ਫਰਵਰੀ (ਪੰਜਾਬ ਮੇਲ)- ਤੁਰਕੀ ਤੇ ਸੀਰੀਆ ਵਿਚ ਆਏ ਪਿਛਲੇ ਇਕ ਦਹਾਕੇ ਦੇ ਸਭ ਤੋਂ ਵੱਧ ਤਬਾਹਕੁਨ ਭੂਚਾਲ ਤੋਂ 100 ਘੰਟੇ ਬਾਅਦ ਅੱਜ ਵੀ ਰਾਹਤ ਕਰਮੀਆਂ ਨੇ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿਚ ਦੱਬੇ ਕਈ ਲੋਕਾਂ ਨੂੰ ਜਿਊਂਦੇ ਬਾਹਰ ਕੱਢਿਆ। ਇਸ ਭੂਚਾਲ ਵਿਚ ਹੁਣ ਤੱਕ 20,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਬਚਾਅ ਕਰਮੀਆਂ ਵੱਲੋਂ ਬਚਾਏ ਗਏ ਵਿਅਕਤੀਆਂ ਵਿਚ ਛੇ ਰਿਸ਼ਤੇਦਾਰ ਸ਼ਾਮਲ ਹਨ, ਜੋ ਕਿ ਇਕ ਛੋਟੀ ਜਿਹੀ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਸਨ। ਬਚਾਏ ਗਏ ਵਿਅਕਤੀਆਂ ਵਿਚ ਇਕ ਕਿਸ਼ੋਰ ਵੀ ਸ਼ਾਮਲ ਹੈ, ਜੋ ਕਿ ਆਪਣੀ ਪਿਆਸ ਬੁਝਾਉਣ ਲਈ ਆਪਣਾ ਪਿਸ਼ਾਬ ਪੀਂਦਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਤੁਰਕੀ ਦੇ ਗਾਜ਼ੀਆਂਤੇਪ ਵਿਚ ਇਕ ਬੇਸਮੈਂਟ ‘ਚ ਫਸੇ ਇਕ 17 ਸਾਲਾਂ ਦੇ ਅਦਨਾਨ ਮੁਹੰਮਦ ਕੋਰਕੁਟ ਨੂੰ ਬਾਹਰ ਕੱਢਿਆ ਗਿਆ। ਉਹ ਉੱਥੇ 94 ਘੰਟਿਆਂ ਤੋਂ ਫਸਿਆ ਹੋਇਆ ਸੀ ਤੇ ਉਸ ਨੂੰ ਜਿਊਂਦਾ ਰਹਿਣ ਲਈ ਆਪਣਾ ਪਿਸ਼ਾਬ ਵੀ ਪੀਣਾ ਪਿਆ। ਉਸ ਦਾ ਕਹਿਣਾ ਸੀ, ”ਅੱਲ੍ਹਾ ਦਾ ਸ਼ੁਕਰ ਹੈ ਤੁਸੀਂ ਆ ਗਏ।” ਉਸ ਦੀ ਮਾਂ ਤੇ ਹੋਰਾਂ ਨੇ ਉਸ ਨੂੰ ਗਲੇ ਨਾਲ ਲਗਾਇਆ ਤੇ ਪਿਆਰ ਕੀਤਾ। ਲੜਕੇ ਦੀ ਮਾਂ ਨੇ ਕਿਹਾ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਸੁੱਤੀ ਨਹੀਂ ਹੈ। ਆਦੀਆਮਨ ਵਿਚ ਭੂਚਾਲ ਦੇ 105 ਘੰਟਿਆਂ ਬਾਅਦ ਬਚਾਅ ਕਰਮੀਆਂ ਨੇ ਚਾਰ ਸਾਲਾਂ ਦੇ ਯਾਗਿਜ਼ ਕੋਮਸੂ ਨੂੰ ਮਲਬੇ ਹੇਠਿਓਂ ਬਾਹਰ ਕੱਢਿਆ।
ਇਸ ਦੌਰਾਨ ਕੁਝ ਤੁਰਕੀ ਟੈਲੀਵਿਜ਼ਨਾਂ ਵੱਲੋਂ ਇਨ੍ਹਾਂ ਬਚਾਅ ਕਾਰਜਾਂ ਦੀ ਲਾਈਵ ਕਵਰੇਜ ਵੀ ਕੀਤੀ ਗਈ। ਇਸ ਤਬਾਹਕੁਨ ਭੂਚਾਲ ਕਾਰਨ ਆਲੇ-ਦੁਆਲੇ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਢਹਿ-ਢੇਰੀ ਹੋਣ ਤੋਂ ਬਾਅਦ ਮਲਬੇ ਵਿਚ ਤਬਦੀਲ ਹੋ ਚੁੱਕੀਆਂ ਹਨ। ਹੈਬਰਤੁਰਕ ਟੀ.ਵੀ. ਨੇ ਦੱਸਿਆ ਕਿ ਬਚਾਅ ਕਰਮੀਆਂ ਨੂੰ ਇਸਕੰਦਰਨ ਵਿਚ ਨੌਂ ਵਿਅਕਤੀਆਂ ਇਕ ਉੱਚੀ ਇਮਾਰਤ ਦੇ ਮਲਬੇ ਹੇਠ ਦਬੇ ਹੋਣ ਬਾਰੇ ਪਤਾ ਲੱਗਾ ਸੀ ਅਤੇ ਉਨ੍ਹਾਂ ਨੇ ਇਕ ਮਹਿਲਾ ਸਣੇ ਛੇ ਵਿਅਕਤੀਆਂ ਨੂੰ ਬਾਹਰ ਕੱਢ ਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਉਂਝ ਤਾਂ ਫਸੇ ਹੋਏ ਲੋਕ ਇਕ ਹਫਤੇ ਤੋਂ ਵੱਧ ਜਿਊਂਦੇ ਰਹਿ ਸਕਦੇ ਹਨ ਪਰ ਇਸ ਜਮਾਉਣ ਵਾਲੀ ਠੰਢ ਵਿਚ ਬਚੇ ਹੋਏ ਲੋਕਾਂ ਦੇ ਲੱਭਣ ਦੀ ਸੰਭਾਵਨਾ ਘੱਟ ਹੀ ਹੈ। ਇਸ ਦੇ ਬਾਵਜੂਦ ਛੇ ਵਿਅਕਤੀਆਂ ਨੂੰ ਬਚਾਅ ਕੇ ਬਚਾਅ ਕਰਮੀਆਂ ਨੇ ਵੱਡੀ ਰਾਹਤ ਦਿੱਤੀ। ਖੇਤਰ ਵਿਚ ਕਬਰਿਸਤਾਨ ਪੂਰੀ ਤਰ੍ਹਾਂ ਭਰ ਜਾਣ ਕਾਰਨ ਕੁਝ ਸ਼ਹਿਰਾਂ ਵਿਚ ਗਲੀਆਂ ‘ਚ ਲਾਸ਼ਾਂ ਕੰਬਲਾਂ, ਤਿਰਪਾਲਾਂ ਤੇ ਗਲੀਚਿਆਂ ‘ਚ ਲਪੇਟੀਆਂ ਪਈਆਂ ਹਨ। ਕਾਹਰਾਮਾਨਮਾਰਸ ਵਿਚ ਇਕ ਸਪੋਰਟਸ ਹਾਲ ਨੂੰ ਮੁਰਦਾਘਰ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਥੇ ਰੱਖੀਆਂ ਲਾਸ਼ਾਂ ਦੀ ਲੋਕ ਪਛਾਣ ਕਰ ਰਹੇ ਹਨ।

ਸੀਰੀਆ ਦੇ ਰਾਸ਼ਟਰਪਤੀ ਵੱਲੋਂ ਭੂਚਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ
ਭੂਚਾਲ ਤੋਂ ਬਾਅਦ ਪਹਿਲੀ ਵਾਰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਲੋਕਾਂ ਵਿਚ ਆਏ। ਸੀਰੀਆ ਦੇ ਸਰਕਾਰੀ ਮੀਡੀਆ ਅਨੁਸਾਰ ਰਾਸ਼ਟਰਪਤੀ ਅਸਦ ਨੇ ਅੱਜ ਭੂਚਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਅਸਦ ਤੇ ਉਨ੍ਹਾਂ ਦੀ ਪਤਨੀ ਅਸਮਾ ਅਲੈਪੋ ਯੂਨੀਵਰਸਿਟੀ ਹਸਪਤਾਲ ਵਿੱਚ ਪਹੁੰਚੇ ਤੇ ਉਨ੍ਹਾਂ ਭੂਚਾਲ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਿਆ। ਉਨ੍ਹਾਂ ਸ਼ਹਿਰ ਦੇ ਸਭ ਤੋਂ ਪ੍ਰਭਾਵਿਤ ਇਲਾਕੇ ਵਿੱਚ ਬਚਾਅ ਕਾਰਜ ਚਲਾ ਰਹੇ ਰਾਹਤ ਕਰਮੀਆਂ ਨਾਲ ਵੀ ਮੁਲਾਕਾਤ ਕੀਤੀ। ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੋਸ ਅਦਨਾਮ ਗੈਬਰੇਸਸ ਤੇ ਇਸ ਸੰਸਥਾ ਦੇ ਐਮਰਜੈਂਸੀ ਵਿੰਗ ਦੇ ਮੁਖੀ ਡਾ. ਮਾਈਕਲ ਰਿਆਨ ਦੇ ਸ਼ਹਿਰ ਵਿੱਚ ਪਹੁੰਚਣ ਦੀ ਆਸ ਹੈ।

Leave a comment