ਨਿਊਯਾਰਕ, 28 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਕਬੱਡੀ ਫੈੱਡਰੇਸ਼ਨ ਦੀ ਟਰੇਸੀ ‘ਚ ਅਹਿਮ ਇਕੱਤਰਤਾ ਹੋਈ, ਜਿਸ ਵਿਚ 23 ਕਬੱਡੀ ਕਲੱਬਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਕਬੱਡੀ ਖੇਡਣ ਅਤੇ ਖਿਡਾਉਣ ਲਈ ਆਪਣੇ ਜੀਵਨ ਦਾ ਲੰਮਾ ਸਮਾਂ ਦੇਣ ਵਾਲੇ ਵਰਲਡ ਸੁਪਰ ਸਟਾਰ ਕਬੱਡੀ ਖਿਡਾਰੀ ਰਹੇ ਤੀਰਥ ਸਿੰਘ ਗਾਖਲ ਨੂੰ ਪ੍ਰਧਾਨ ਬਣਾਇਆ ਗਿਆ। ਸਰਬਸੰਮਤੀ ਨਾਲ ਲਏ ਗਏ ਇਸ ਫ਼ੈਸਲੇ ਉਪਰੰਤ ਪਿਛਲੇ 20 ਸਾਲ ਤੋਂ ਕੈਲੀਫ਼ੋਰਨੀਆਂ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ. ਸੁਰਿੰਦਰ ਸਿੰਘ (ਸ਼ਿੰਦਾ ਅਟਵਾਲ) ਨੇ ਤੀਰਥ ਸਿੰਘ ਗਾਖਲ ਨੂੰ ਸਮੁੱਚੀ ਫੈੱਡਰੇਸ਼ਨ ਦੇ ਸਾਥੀਆਂ ਵਲੋਂ ਅਸ਼ੀਰਵਾਦ ਦਿੱਤਾ ਅਤੇ ਜੀ ਆਇਆਂ ਆਖਿਆ।
ਇਸ ਮੌਕੇ ਤੀਰਥ ਸਿੰਘ ਗਾਖਲ ਨੇ ਕਿਹਾ ਕਿ ਉਹ ਕੈਲੀਫ਼ੋਰਨੀਆਂ ਕਬੱਡੀ ਫੈੱਡਰੇਸ਼ਨ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰਨਗੇ। ਉਨ੍ਹਾਂ ਕਿਹਾ ਕਿ ਜਿੱਥੇ ਖੇਡ ਮੇਲੇ ਵਧਾਏ ਜਾਣਗੇ, ਉੱਥੇ ਇੱਥੋਂ ਦੇ ਜੰਮਪਲ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਦੇ ਉਪਰਾਲੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆਂ ਕਬੱਡੀ ਫੈਡਰੇਸ਼ਨ ਵਲੋਂ ਸਮੁੱਚੇ ਅਮਰੀਕਾ ਵਿਚ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਕਬੱਡੀ ਵਰਲਡ ਕੱਪ ਕਰਵਾਏ ਜਾਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਤੀਰਥ ਸਿੰਘ ਗਾਖਲ ਨੂੰ ਗਾਖਲ ਗਰੁੱਪ ਯੂ.ਐੱਸ.ਏ. ਦੇ ਚੇਅਰਮੈਨ ਸ. ਅਮੋਲਕ ਸਿੰਘ ਗਾਖਲ ਨੇ ਵੀ ਗਾਖਲ ਗਰੁੱਪ, ਗਾਖਲ ਪਰਿਵਾਰ ਅਤੇ ਪਿੰਡ ਗਾਖਲਾਂ ਵਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਤੀਰਥ ਸਿੰਘ ਗਾਖਲ ਕੈਲੀਫ਼ੋਰਨੀਆ ਕਬੱਡੀ ਫੈਡਰੇਸ਼ਨ ਦੀ ਬਿਹਤਰੀ ਲਈ ਪ੍ਰਧਾਨ ਵਜੋਂ ਵਧੀਆ ਸੇਵਾਵਾਂ ਨਿਭਾਉਣਗੇ ਅਤੇ ਸਾਥੀ ਕਲੱਬਾਂ ਦੇ ਸਹਿਯੋਗ ਨਾਲ ਇਸ ਫੈਡਰੇਸ਼ਨ ਨੂੰ ਹੋਰ ਵੀ ਕਾਮਯਾਬ ਕਰਨਗੇ।
ਤੀਰਥ ਸਿੰਘ ਗਾਖ਼ਲ ਬਣੇ ਕੈਲੀਫ਼ੋਰਨੀਆ ਕਬੱਡੀ ਫੈਡਰੇਸ਼ਨ ਦੇ ਨਵੇਂ ਪ੍ਰਧਾਨ
