ਇਰਾਨ ਨੇ ਤਲ ਅਵੀਵ ‘ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਤੇ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਮਿਜ਼ਾਈਲਾਂ ਫੁੰਡਣ ਲਈ ਕੀਤੀ ਕਾਰਵਾਈ; ਇਜ਼ਰਾਈਲ ਨੇ ਇਰਾਨੀ ਮਿਜ਼ਾਈਲ ਸਟੋਰੇਜ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ
ਯੇਰੂਸ਼ਲਮ/ਵਾਸ਼ਿੰਗਟਨ, 21 ਜੂਨ (ਪੰਜਾਬ ਮੇਲ)- ਇਰਾਨ ਵੱਲੋਂ ਇਕ ਦਿਨ ਪਹਿਲਾਂ ਕਿਸੇ ਹਮਲੇ ਜਾਂ ਧਮਕੀ ਦੇ ਡਰ ਤਹਿਤ ਪਰਮਾਣੂ ਗੱਲਬਾਤ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤੇ ਜਾਣ ਪਿੱਛੋਂ ਸ਼ਨਿੱਚਰਵਾਰ ਨੂੰ ਇਰਾਨ ਅਤੇ ਇਜ਼ਰਾਈਲ ਨੇ ਇਕ-ਦੂਜੇ ਦੇ ਟਿਕਾਣਿਆਂ ਉਤੇ ਤਾਜ਼ਾ ਹਮਲੇ ਕੀਤੇ ਹਨ, ਜਦੋਂਕਿ ਦੂਜੇ ਪਾਸੇ ਯੂਰਪ ਵੱਲੋਂ ਅਮਨ ਵਾਰਤਾ ਨੂੰ ਟੁੱਟਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਜ਼ਰਾਈਲ ਵਿਚ ਤੜਕੇ 2:30 ਵਜੇ (ਸ਼ੁੱਕਰਵਾਰ ਨੂੰ 2330 ਜੀ.ਐੱਮ.ਟੀ.) ਤੋਂ ਥੋੜ੍ਹੀ ਦੇਰ ਬਾਅਦ ਇਜ਼ਰਾਈਲੀ ਫੌਜ ਵੱਲੋਂ ਇਰਾਨ ਦੇ ਮਿਜ਼ਾਈਲ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਤਲ ਅਵੀਵ ਸਮੇਤ ਕੇਂਦਰੀ ਇਜ਼ਰਾਈਲ ਦੇ ਕੁਝ ਹਿੱਸਿਆਂ ਵਿਚ ਹਵਾਈ ਹਮਲੇ ਦੇ ਸਾਇਰਨ ਵੱਜੇ। ਇਸ ਦੇ ਨਾਲ ਹੀ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਵਿਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ।
ਇਸ ਦੇ ਜਵਾਬ ਵਿਚ ਤਲ ਅਵੀਵ ਦੇ ਅਸਮਾਨ ਵਿਚ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਇਰਾਨੀ ਮਿਜ਼ਾਈਲਾਂ ਨੂੰ ਫੁੰਡਣ ਲਈ ਮਿਜ਼ਾਈਲਾਂ ਦਾਗੀਆਂ ਦਿਖਾਈ ਦੇ ਰਹੀਆਂ ਸਨ। ਇਸ ਕਾਰਨ ਤਲ ਅਵੀਵ ਮਹਾਂਨਗਰੀ ਖੇਤਰ ਵਿਚ ਧਮਾਕੇ ਗੂੰਜ ਰਹੇ ਸਨ।
ਦੂਜੇ ਪਾਸੇ ਇਜ਼ਰਾਈਲ ਨੇ ਵੀ ਇਰਾਨ ਵਿਚ ਮਿਜ਼ਾਈਲ ਸਟੋਰੇਜ ਅਤੇ ਲਾਂਚਿੰਗ ਬੁਨਿਆਦੀ ਢਾਂਚੇ ਦੇ ਸਥਾਨਾਂ ‘ਤੇ ਨਵੇਂ ਸਿਰਿਉਂ ਹਮਲੇ ਕੀਤੇ ਹਨ। ਇਜ਼ਰਾਈਲ ਦੀ ਕੌਮੀ ਐਮਰਜੈਂਸੀ ਸੇਵਾ ‘ਮੈਗੇਨ ਡੇਵਿਡ ਐਡੋਮ’ ਨੇ ਕਿਹਾ ਕਿ ਦੱਖਣੀ ਇਜ਼ਰਾਈਲ ਵਿਚ ਵੀ ਸਾਇਰਨ ਵੱਜੇ।
ਇੱਕ ਇਜ਼ਰਾਈਲੀ ਫੌਜੀ ਅਧਿਕਾਰੀ ਨੇ ਕਿਹਾ ਕਿ ਇਰਾਨ ਨੇ ਪੰਜ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ, ਪਰ ਕਿਸੇ ਸ਼ੁਰੂਆਤੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਐਮਰਜੈਂਸੀ ਸੇਵਾ ਵੱਲੋਂ ਜਾਰੀ ਤਸਵੀਰਾਂ ਵਿਚ ਮੱਧ ਇਜ਼ਰਾਈਲ ਵਿਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਛੱਤ ‘ਤੇ ਅੱਗ ਦੀਆਂ ਲਾਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਸਨ।
ਤਹਿਰਾਨ ਦੇ ਪਰਮਾਣੂ ਵਾਰਤਾ ਤੋਂ ਇਨਕਾਰ ਪਿੱਛੋਂ ਇਰਾਨ ਤੇ ਇਜ਼ਰਾਈਲ ਵੱਲੋਂ ਇਕ-ਦੂਜੇ ‘ਤੇ ਹਮਲੇ
