#PUNJAB

ਤਰਨਤਾਰਨ ਜ਼ਿਮਨੀ ਚੋਣ ਨਤੀਜੇ : ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਜਲੰਧਰ, 14 ਨਵੰਬਰ (ਪੰਜਾਬ ਮੇਲ)- ਪੰਥਕ ਆਖੀ ਜਾਂਦੀ ਸੀਟ ਤਰਨਤਾਰਨ ‘ਤੇ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਇਸ ਸੀਟ ‘ਤੇ ਵੱਡੀ ਜਿੱਤ ਦਾ ਦਾਅਵਾ ਕਰਨ ਵਾਲੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਹੈ। ਆਲਮ ਇਹ ਹੈ ਕਿ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਇਸ ਸੀਟ ‘ਤੇ ਜਿੱਥੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਵੱਡੇ ਲੀਡ ਨਾਲ ਜੇਤੂ ਰਹੇ ਹਨ, ਉਥੇ ਹੀ ਲੰਬੇ ਸਮੇਂ ਤੋਂ ਹਾਸ਼ੀਏ ‘ਤੇ ਚੱਲ ਰਿਹਾ ਅਕਾਲੀ ਦਲ ਵੀ ਟੱਕਰ ਵਿਚ ਨਜ਼ਰ ਆਇਆ ਹੈ। ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੂਜੇ ਨੰਬਰ ‘ਤੇ ਰਹੀ। ਹਰਮੀਤ ਸਿੰਘ ਸੰਧੂ ਨੂੰ 42,649 ਵੋਟਾਂ ਪਈਆਂ, ਜਦਕਿ ਸੁਖਵਿੰਦਰ ਕੌਰ ਨੂੰ 30558 ਵੋਟਾਂ ਪਈਆਂ।
ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਸ ਪੰਜਾਬ ਦੇ’ ਦੇ ਉਮੀਦਵਾਰ ਮਨਦੀਪ ਸਿੰਘ ਤੋਂ ਵੀ ਪਿੱਛੇ ਰਹਿ ਗਈ ਹੈ। ਮਨਦੀਪ ਸਿੰਘ ਨੂੰ 19620 ਅਤੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ 15078 ਵੋਟਾਂ ਹੀ ਹਾਸਲ ਕਰ ਸਕੇ ਹਨ। ਕਾਂਗਰਸ ਪਾਰਟੀ ਚੌਥੇ ਨੰਬਰ ‘ਤੇ ਰਹੀ। ਉਥੇ ਹੀ ਇਸ ਸੀਟ ‘ਤੇ ਜਿੱਤ ਦਾ ਦਾਅਵਾ ਕਰਨ ਵਾਲੀ ਭਾਜਪਾ ਦਾ ਹਾਲ ਇਸ ਤੋਂ ਵੀ ਮਾੜਾ ਰਿਹਾ। ਭਾਜਪਾ 10 ਹਜ਼ਾਰ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਪਈਆਂ ਅਤੇ ਭਾਜਪਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ।
ਦੱਸ ਦੇਈਏ ਕਿ ਤਰਨਤਾਰਨ ਵਿਖੇ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਚ ਬਣਾਏ ਕਾਊਂਟਿੰਗ ਸੈਂਟਰ ਵਿਚ ਕੁੱਲ੍ਹ 16 ਰਾਊਂਡਾਂ ਵਿਚ ਵੋਟਾਂ ਦੀ ਗਿਣਤੀ ਕੀਤੀ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ੁਰੂਆਤੀ ਤਿੰਨ ਗੇੜਾਂ ‘ਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਬੜਤ ਬਣਾਈ ਰੱਖੀ ਸੀ। ਇਸ ਦੇ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਨੇ ਲਗਾਤਾਰ ਲੀਡ ਬਣਾਈ ਅਤੇ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਵੱਡੀ ਜਿੱਤ ਹਾਸਲ ਕੀਤੀ।
ਤਰਨਤਾਰਨ ਵਿਚ 11 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਵਿਚ 60.95 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸੀਟ ‘ਤੇ 65.81% ਵੋਟਿੰਗ ਦਰਜ ਕੀਤੀ ਗਈ ਸੀ। ਪਿਛਲੀਆਂ ਚੋਣਾਂ ਵਿਚ ‘ਆਪ’ ਦੇ ਡਾ. ਕਸ਼ਮੀਰ ਸਿੰਘ ਸੋਹਲ ਨੇ ਚੋਣ ਜਿੱਤੀ ਸੀ ਅਤੇ ਉਨ੍ਹਾਂ ਦੀ ਮੌਤ ਨਾਲ ਇਹ ਸੀਟ ਖਾਲੀ ਹੋ ਗਈ ਸੀ।