ਤਰਨ ਤਾਰਨ, 14 ਨਵੰਬਰ (ਪੰਜਾਬ ਮੇਲ)- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ, ਜਿਸ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12091 ਦੀ ਵੱਡੀ ਲੀਡ ਦੇ ਨਾਲ 42649 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ, ਜਿਨ੍ਹਾਂ ਨੇ 30558 ਵੋਟਾਂ ਹਾਸਲ ਕਰਕੇ ਮੁਕਾਬਲੇ ਵਿਚ ਆਪਣੀ ਪੋਜ਼ੀਸ਼ਨ ਬਣਾਈ ਰੱਖੀ। ਤੀਜੇ ਨੰਬਰ ‘ਤੇ ਵਾਰਸ ਪੰਜਾਬ ਦੇ (ਆਜ਼ਾਦ ਉਮੀਦਵਾਰ) ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ, ਜਦਕਿ ਚੌਥੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਰਹੇ, ਜਿਨ੍ਹਾਂ ਨੂੰ 15078 ਵੋਟਾਂ ਹੀ ਹਾਸਲ ਹੋ ਸਕੀਆਂ। ਪੰਜਵੇਂ ਨੰਬਰ ‘ਤੇ ਹਰਜੀਤ ਸਿੰਘ ਸੰਧੂ ਮਹਿਜ਼ 6239 ਵੋਟਾਂ ਹੀ ਹਾਸਲ ਕਰ ਸਕੇ।
ਚੋਣ ਨਤੀਜਾ ਸਾਹਮਣੇ ਆਉਂਦੇ ਹੀ ਤਰਨਤਾਰਨ ਵਿਚ ਆਪ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਜਿੱਤ ਦੇ ਐਲਾਨ ਤੋਂ ਬਾਅਦ ਇਲਾਕੇ ਵਿਚ ਸਮਰਥਕਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਜਿੱਤ ਨਾਲ ‘ਆਪ’ ਨੇ ਹਲਕੇ ਵਿਚ ਆਪਣੀ ਪਕੜ ਹੋਰ ਮਜ਼ਬੂਤ ਕੀਤੀ ਹੈ। ਦੱਸ ਦੇਈਏ ਕਿ ਕੁੱਲ 16 ਰਾਊਂਡਾਂ ‘ਚ ਵੋਟਾਂ ਦੀ ਗਿਣਤੀ ਮੁਕੰਮਲ ਕੀਤੀ ਗਈ।
ਤਰਨਤਾਰਨ ਜ਼ਿਮਨੀ ਚੋਣ: ‘ਆਪ’ ਦੇ ਹਰਮੀਤ ਸੰਧੂ 12091 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ

