#PUNJAB

ਤਰਨ ਤਾਰਨ ਚੋਣ : ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭਨਾਂ ਸਿਆਸੀ ਧਿਰਾਂ ਨੇ ਪੂਰੀ ਤਾਕਤ ਝੋਕੀ

ਤਰਨ ਤਾਰਨ, 9 ਨਵੰਬਰ (ਪੰਜਾਬ ਮੇਲ)-  ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭਨਾਂ ਸਿਆਸੀ ਧਿਰਾਂ ਨੇ ਪੂਰੀ ਤਾਕਤ ਝੋਕੀ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਬੱਝ ਸਕੇ। ‘ਆਪ’ ਦੇ ਯੂਥ ਵਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪੋ ਆਪਣੇ ਉਮੀਦਵਾਰ ਦੀ ਹਮਾਇਤ ’ਚ ਰੋਡ ਸ਼ੋਅ ਕੱਢੇ ਜਦੋਂ ਕਿ ਭਾਜਪਾ ਨੇ ਘਰੋਂ ਘਰੀ ਜਾ ਕੇ ਵੋਟਾਂ ਮੰਗੀਆਂ।

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਆਖ਼ਰੀ ਦਿਨ ਸਿਆਸੀ ਰੈਲੀਆਂ ਕੀਤੀਆਂ। ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਦੀ ਮੌਤ ਦੇ ਕਾਰਨ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਭ ਸਿਆਸੀ ਪ੍ਰੋਗਰਾਮ ਮੁਲਤਵੀ ਰੱਖੇ। ਅੱਜ ਤਰਨ ਤਾਰਨ ’ਚ ਚੋਣ ਪ੍ਰਚਾਰ ਸ਼ਾਮ ਛੇ ਵਜੇ ਬੰਦ ਹੋ ਗਿਆ ਹੈ । ਹੁਣ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਦੀ ਹਮਾਇਤ ’ਚ ਘਰੋਂ ਘਰੀਂ ਜਾ ਕੇ ਪ੍ਰਚਾਰ ਕੀਤਾ ਜਾਵੇਗਾ। ਪੁਲੀਸ ਨੇ ਵੀ ਅੱਜ ਸ਼ਾਮ ਵਕਤ ਵੋਟਰਾਂ ਨੂੰ ਹੱਲਾਸ਼ੇਰੀ ਦੇਣ ਲਈ ਸ਼ਹਿਰ ’ਚ ਫਲੈਗ ਮਾਰਚ ਕੀਤਾ। ਕੌਮਾਂਤਰੀ ਸਰਹੱਦ ਦੇ ਨੇੜਲੇ ਜ਼ਿਲ੍ਹਾ ਤਰਨ ਤਾਰਨ ਦੇ ਇਸ ਵਿਧਾਨ ਸਭਾ ਹਲਕੇ ’ਚ ਚੋਣ ਪ੍ਰਚਾਰ ਦੌਰਾਨ ਪੰਜਾਬ ਪੁਲੀਸ ਦੇ ਸਿੱਧੇ ਦਾਖਲ ਦਾ ਮੁੱਦਾ ਛਾਇਆ ਰਿਹਾ ਜਿਸ ਦੇ ਵਜੋਂ ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਐੱਸ ਐੱਸ ਪੀ ਰਵੀਜੋਤ ਕੌਰ ਗਰੇਵਾਲ ਨੂੰ ਮੁਅੱਤਲ ਵੀ ਕੀਤਾ। ਤਰਨ ਤਾਰਨ ਹਲਕੇ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹ ਉਪ ਚੋਣ ਪੰਜਾਬ ਦੀ ਸਿਆਸਤ ਨੂੰ ਮੋੜਾ ਦੇਣ ਲਈ ਅਹਿਮ ਭੂਮਿਕਾ ਅਦਾ ਕਰੇਗੀ। ਆਮ ਆਦਮੀ ਪਾਰਟੀ ਨੇ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਲਈ ਪੂਰੀ ਤਾਕਤ ਝੋਕੀ ਰੱਖੀ।