ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਤਹਿਰਾਨ ‘ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਉੱਥੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਵਿਚੋਂ 110 ਸਰਹੱਦ ਪਾਰ ਕਰਕੇ ਆਰਮੀਨੀਆ ‘ਚ ਦਾਖਲ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਭਾਰਤੀ ਦੂਤਾਵਾਸ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਈਚਾਰੇ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ। ਬਿਆਨ ਵਿਚ ਕਿਹਾ ਗਿਆ ਹੈ, ”ਤਹਿਰਾਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢ ਲਿਆ ਗਿਆ ਹੈ। ਇਸ ਦੀ ਵਿਵਸਥਾ ਦੂਤਾਵਾਸ ਨੇ ਕੀਤੀ।” ਇਸ ਵਿਚ ਕਿਹਾ ਗਿਆ ਕਿ ਆਵਾਜਾਈ ਦੇ ਹਿਸਾਬ ਨਾਲ ਜੋ ਲੋਕ ਖੁਦ ਇੰਤਜ਼ਾਮ ਕਰ ਸਕਦੇ ਹਨ, ਉਨ੍ਹਾਂ ਨੂੰ ਵੀ ਹਾਲਾਤ ਨੂੰ ਦੇਖਦੇ ਹੋਏ ਸ਼ਹਿਰ ਤੋਂ ਬਾਹਰ ਚਲੇ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਭਾਰਤੀਆਂ ਨੂੰ ਆਰਮੀਨੀਆ ਦੀ ਸਰਹੱਦ ਰਾਹੀਂ ਇਰਾਨ ਛੱਡਣ ਵਿਚ ਮਦਦ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਅਸਥਿਰ ਸਥਿਤੀ ਨੂੰ ਦੇਖਦੇ ਹੋਏ ਅੱਗੇ ਵੀ ਸਲਾਹ ਜਾਰੀ ਕੀਤੀ ਜਾ ਸਕਦੀ ਹੈ।
ਜੰਮੂ ਕਸ਼ਮੀਰ ਵਿਦਿਆਰਥੀ ਸੰਘ ਅਨੁਸਾਰ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ, ਜਿਨ੍ਹਾਂ ਵਿਚੋਂ 90 ਕਸ਼ਮੀਰ ਘਾਟੀ ਦੇ ਹਨ, ਸੁਰੱਖਿਅਤ ਢੰਗ ਨਾਲ ਸਰਹੱਦ ਪਾਰ ਕਰਕੇ ਆਰਮੀਨੀਆ ਪਹੁੰਚ ਗਏ ਹਨ।
ਇੱਕ ਹੋਰ ਬਿਆਨ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਰਾਨ ਅਤੇ ਇਜ਼ਰਾਈਲ ‘ਚ ਜਾਰੀ ਘਟਨਾਕ੍ਰਮ ਦੇ ਮੱਦੇਨਜ਼ਰ 24×7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ +989010144557; +989128109115; +989128109109 ਨੰਬਰ ਜਾਰੀ ਕੀਤੇ ਗਏ ਹਨ।
ਤਣਾਅ ਦੇ ਮੱਦੇਨਜ਼ਰ 110 ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ਤੋਂ ਕੱਢਿਆ
