* ਢਾਬੀ ਗੁੱਜਰਾਂ ਬਾਰਡਰ ਤੋਂ ਅੱਗੇ ਹਰਿਆਣਾ ਵਾਲੇ ਪਾਸੇ ਲਾਇਆ ਧਰਨਾ
* ਹਰਿਆਣਾ ਪੁਲਿਸ ਨੇ ਬਾਰਡਰ ਨੇੜੇ ਕੀਤੇ ਸਖ਼ਤ ਪ੍ਰਬੰਧ
ਪਟਿਆਲਾ/ਪਾਤੜਾਂ, 16 ਜਨਵਰੀ (ਪੰਜਾਬ ਮੇਲ)- ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਚੁੱਪ ਵੱਟਣ ਤੋਂ ਖਫ਼ਾ 111 ਹੋਰ ਕਿਸਾਨਾਂ ਨੇ ਬੁੱਧਵਾਰ ਨੂੰ ਸਮੂਹਿਕ ਤੌਰ ‘ਤੇ ਮਰਨ ਵਰਤ ਸ਼ੁਰੂ ਕਰਦਿਆਂ ਢਾਬੀ ਗੁੱਜਰਾਂ ਬਾਰਡਰ ‘ਤੇ ਹਰਿਆਣਾ ਵਾਲੇ ਪਾਸੇ ਤੰਬੂ ਗੱਡ ਲਏ। ਫੌਜੀ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਹੇਠ ਮਰਨ ਵਰਤ ‘ਤੇ ਬੈਠੇ ਕਿਸਾਨਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਅਤੇ ਉਨ੍ਹਾਂ ਦੀਆਂ ਲੋਈਆਂ ਵੀ ਕਾਲੀਆਂ ਹਨ। ਹਰਿਆਣਾ ਪੁਲਿਸ ਨੇ ਆਪਣੇ ਇਲਾਕੇ ‘ਚ ਧਾਰਾ 163 ਲੱਗੀ ਹੋਣ ਕਰਕੇ ਪ੍ਰਦਰਸ਼ਨ ਨਾ ਕਰਨ ਦੀ ਦਲੀਲ ਦਿੱਤੀ ਪਰ ਜਾਪ ਕਰ ਰਹੇ ਕਿਸਾਨ ਉਥੇ ਡਟ ਕੇ ਬੈਠ ਗਏ।
ਮਰਨ ਵਰਤ ‘ਤੇ ਬੈਠੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਪੁਲਿਸ ਉਨ੍ਹਾਂ ‘ਤੇ ਭਾਵੇਂ ਗੋਲੀਆਂ ਚਲਾਵੇ ਜਾਂ ਗ੍ਰਿਫ਼ਤਾਰ ਕਰ ਲਵੇ ਪਰ ਉਹ ਇਥੇ ਹੀ ਬੈਠਣਗੇ। ਉਂਝ ਕਿਸਾਨਾਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਮਨੋਰਥ ਨਾ ਬਾਰਡਰ ਟੱਪਣਾ ਹੈ ਅਤੇ ਨਾ ਹੀ ਪੁਲਿਸ ਨਾਲ ਉਲਝਣਾ ਹੈ। ਅਰਦਾਸ ਕਰਕੇ ਜਿਵੇਂ ਹੀ ਇਹ 111 ਮੈਂਬਰੀ ਜਥਾ ਕੈਂਪ ‘ਚੋਂ ਬੈਰੀਕੇਡਿੰਗ ਵੱਲ ਨੂੰ ਵਧਣਾ ਸ਼ੁਰੂ ਹੋਇਆ, ਤਾਂ ਵੱਡੀ ਗਿਣਤੀ ‘ਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਮੋਰਚੇ ਵਾਲੇ ਪਾਸੇ ਆ ਗਏ। ਅਫ਼ਸਰਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਣ ਲਈ ਨਾ ਸਿਰਫ਼ ਚੁਣੀ ਗਈ ਥਾਂ ਹਰਿਆਣਾ ਦੀ ਹੈ, ਸਗੋਂ ਇਸ ਮੋਰਚੇ ਵਿਚਲੀਆਂ ਕਈ ਟਰਾਲੀਆਂ ਵੀ ਉਨ੍ਹਾਂ ਦੇ ਸੂਬੇ ਦੀ ਹਦੂਦ ਅੰਦਰ ਲਾਈਆਂ ਹੋਈਆਂ ਹਨ ਕਿਉਂਕਿ ਹਰਿਆਣਾ ਨੇ 125 ਮੀਟਰ ਥਾਂ ਛੱਡ ਕੇ ਹੀ ਬੈਰੀਕੇਡਿੰਗ ਕੀਤੀ ਹੋਈ ਹੈ। ਤਣਾਅ ਭਰੇ ਮਾਹੌਲ ‘ਚ ਪੁਲਿਸ ਨੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ, ਤਾਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਹੋਰਾਂ ਨੇ ਕਿਹਾ, ”ਅਸੀਂ ਤਾਂ ਮਰਨ ਲਈ ਹੀ ਇਥੇ ਬੈਠਣ ਆਏ ਹਾਂ, ਜੇ ਪੁਲਿਸ ਚਾਹੁੰਦੀ ਹੈ, ਤਾਂ ਸਾਨੂੰ ਬੰਬ ਜਾਂ ਗੋਲੀਆਂ ਨਾਲ ਹੁਣੇ ਹੀ ਮਾਰ ਸਕਦੇ ਹੋ ਜਾਂ ਫੇਰ ਗ੍ਰਿਫ਼ਤਾਰ ਕਰ ਸਕਦੇ ਹੋ। ਅਸੀਂ ਤਾਂ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਇਥੇ ਹੀ ਬੈਠਾਂਗੇ।”
ਭਾਵੇਂ ਕੁਰੂਕਸ਼ੇਤਰ ਦੇ ਡੀ.ਸੀ. ਨੇ ਮਾਲ ਰਿਕਾਰਡ ਦੇ ਹਵਾਲੇ ਨਾਲ ਇਹ 125 ਮੀਟਰ ਥਾਂ ਹਰਿਆਣਾ ਦੀ ਹੋਣ ਦਾ ਦਾਅਵਾ ਕੀਤਾ ਹੈ ਪਰ ਫਿਰ ਵੀ ਕਈ ਕਿਸਾਨਾਂ ਦਾ ਤਰਕ ਹੈ ਕਿ ਇਸ ਸਬੰਧੀ ਅਸਲੀਅਤ ਸ਼ੁਭਕਰਨ ਮਾਮਲੇ ਦੀ ਜਾਂਚ ਦੌਰਾਨ ਹੀ ਸਾਹਮਣੇ ਆਵੇਗੀ। ਕੁਝ ਦੇਰ ਦੇ ਰੌਲੇ-ਰੱਪੇ ਮਗਰੋਂ ਪੁਲਿਸ ਚੁੱਪ ਕਰ ਗਈ। ਹਰਿਆਣਾ ਪੁਲਿਸ ਨੇ ਜਥੇ ਦੇ ਮਰਨ ਵਰਤ ਵਾਲੀ ਥਾਂ ‘ਤੇ ਆਪਣਾ ਹੱਕ ਇਸ ਕਰਕੇ ਜਤਾਇਆ ਹੈ ਕਿਉਂਕਿ 21 ਫਰਵਰੀ, 2024 ਨੂੰ ਗੋਲੀ ਲੱਗਣ ਕਾਰਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਇਸੇ ਹੀ ਥਾਂ ‘ਤੇ ਹੋਈ ਸੀ। ਮਰਨ ਵਰਤੀਆਂ ‘ਚ ਸ਼ਾਮਲ ਕਿਸਾਨ ਯੂਨੀਅਨ ਡੱਲੇਵਾਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਣ ਸਿੰਘ ਚੱਠਾ ਨੇ ਕਿਹਾ ਕਿ ਕਾਲੇ ਰੰਗ ਦੀ ਚੋਣ ਉਨ੍ਹਾਂ ਕੇਂਦਰ ਦੇ ਰਵੱਈਏ ਦੇ ਰੋਸ ਵਜੋਂ ਕੀਤੀ ਹੈ। ਉਧਰ ਮੋਰਚੇ ‘ਚ ਕਿਸਾਨਾਂ ਲਈ ਵੱਡੇ ਪੱਧਰ ‘ਤੇ ਟੈਂਟ ਲਗਾਏ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਹਰਿਆਣਾ ਪੁਲਿਸ ਦੀ ਨਫਰੀ ਹਟਾਉਣ ਦੀ ਮੰਗ ਕੀਤੀ ਹੈ।