ਭੁਲੱਥ/ਜਲੰਧਰ, 20 ਅਗਸਤ (ਪੰਜਾਬ ਮੇਲ)- ਜਨਵਰੀ ਮਹੀਨੇ ਰੁਜ਼ਗਾਰ ਦੀ ਭਾਲ ਵਿਚ ਡੰਕੀ ਲਾ ਕੇ ਫਰਾਂਸ ਲਈ ਰਵਾਨਾ ਹੋਇਆ ਭੁਲੱਥ ਕਸਬੇ ਦਾ 18 ਸਾਲਾ ਨੌਜਵਾਨ ਰਸਤੇ ਵਿੱਚ ਲਾਪਤਾ ਹੋ ਗਿਆ ਹੈ। ਨੌਜਵਾਨ ਦੇ ਪਿਤਾ ਬੌਬੀ ਚੰਦ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਸਾਗਰ ਸੁਨਹਿਰੇ ਭਵਿੱਖ ਦੀ ਆਸ ਵਿੱਚ ਏਜੰਟ ਰਾਹੀਂ ਫਰਾਂਸ ਗਿਆ ਸੀ ਤੇ ਪਿਛਲੇ ਅੱਠ ਮਹੀਨਿਆਂ ਤੋਂ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਪੀੜਤ ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਯੂਰਪ ਵਿਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਲੜਕੇ ਦਾ ਥਹੁ-ਪਤਾ ਲਾਉਣ ਵਿਚ ਮਦਦ ਕੀਤੀ ਜਾਵੇ।
ਪੀੜਤ ਪਿਤਾ ਨੇ ਦੱਸਿਆ ਕਿ 14 ਲੱਖ ਰੁਪਏ ਵਿਚ ਇਕ ਮਹਿਲਾ ਏਜੰਟ ਰਾਹੀਂ ਫਰਾਂਸ ਭੇਜਣ ਲਈ ਸੌਦਾ ਤੈਅ ਹੋਇਆ ਸੀ। ਏਜੰਟ ਨੇ 8.20 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈ ਕੇ ਉਨ੍ਹਾਂ ਦੇ ਪੁੱਤਰ ਨੂੰ ਰੂਸ ਭੇਜ ਦਿੱਤਾ, ਜਿੱਥੋਂ ਅੱਗੇ ਉਸ ਨੇ ਬੇਲਾਰੂਸ, ਲਿਥੂਆਨੀਆ, ਲਾਤਵੀਆ ਤੇ ਜਰਮਨੀ ਰਸਤੇ ਫਰਾਂਸ ਪਹੁੰਚਣਾ ਸੀ। ਇਸ ਦੌਰਾਨ ਫਰਵਰੀ ਮਹੀਨੇ ਪਰਿਵਾਰ ਨੂੰ ਸਾਗਰ ਦਾ ਫੋਨ ਆਇਆ ਕਿ ਉਹ ਬੇਲਾਰੂਸ ਵਿੱਚ ਹੈ। ਉਸ ਤੋਂ ਬਾਅਦ 6 ਮਹੀਨੇ ਬੀਤ ਗਏ ਨਾ ਤਾਂ ਉਸ ਦੇ ਪੁੱਤਰ ਦਾ ਕੋਈ ਫੋਨ ਆਇਆ ਅਤੇ ਨਾ ਹੀ ਉਸ ਬਾਰੇ ਕੋਈ ਗੱਲ ਸੁਣੀ ਹੈ। ਬੌਬੀ ਚੰਦ ਨੇ ਕਿਹਾ ਕਿ ਏਜੰਟਾਂ ਮੁਤਾਬਕ ਉਨ੍ਹਾਂ ਦਾ ਪੁੱਤਰ ਜਰਮਨੀ ਪੁਲੀਸ ਦੀ ਹਿਰਾਸਤ ਵਿਚ ਹੈ, ਪਰ ਉਸ ਦੇ ਦੋਸਤਾਂ ਨੇ ਦਾਅਵਾ ਕੀਤਾ ਕਿ ਫਰਾਂਸ ਤੱਕ ਦੇ ਸਫ਼ਰ ਦੌਰਾਨ ਲਾਤਵੀਆ ਵਿਚ ਬਰਫ਼ ’ਚ ਫ਼ਸਣ ਕਰਕੇ ਸਾਗਰ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦਿੱਲੀ ਵਿਚ ਲਾਤਵੀਆ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਥੋਂ ਦੀ ਪੁਲੀਸ ਨੂੰ ਬਰਫ਼ ਵਿਚੋਂ ਲਾਸ਼ ਬਰਾਮਦ ਹੋਈ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪਰਿਵਾਰ ਨੇ ਮੰਗ ਕੀਤੀ ਕਿ ਬਰਫ਼ ’ਚੋਂ ਮਿਲੀ ਲਾਸ਼ ਨਾਲ ਡੀਐੱਨਏ ਟੈਸਟ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਪਰਿਵਾਰ ਨੇ ਏਜੰਟ ਖਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ। ਪਰਿਵਾਰ ਮੁਤਾਬਕ ਇੱਕ ਵਾਰ ਡੀਐੱਨਏ ਟੈਸਟ ਕਰਕੇ ਵਿਦੇਸ਼ ਭੇਜਿਆ ਗਿਆ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਵਾਪਸ ਆ ਗਿਆ। ਉਨ੍ਹਾਂ ਨੇ ਦੁਬਾਰਾ ਡੀਐੱਨਏ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬੌਬੀ ਚੰਦ ਨੇ ਦੱਸਿਆ ਕਿ ਉਨ੍ਹਾਂ ਦੋ ਮਹੀਨੇ ਪਹਿਲਾਂ ਥਾਣਾ ਭੁਲੱਥ ਵਿਚ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉੁਧਰ ਥਾਣਾ ਭੁਲੱਥ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।