– ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ‘ਤੇ ਬੇੜੀਆਂ ‘ਚ ਬੰਨ੍ਹ ਕੇ ਉਤਾਰਿਆ
ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਮੇਲ)- ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਦੀ ਟਰੰਪ ਸਰਕਾਰ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਇਸੇ ਦੌਰਾਨ ਅਮਰੀਕਾ ਨੇ ਗ਼ੈਰ-ਕਾਨੂੰਨੀ ਢੰਗ ਨਾਲ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਹਰਿਆਣਾ ਦੇ 49 ਨੌਜਵਾਨਾਂ ਨੂੰ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਹੈ। ਇਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ ‘ਤੇ ਬੇੜੀਆਂ ‘ਚ ਬੰਨ੍ਹ ਕੇ ਉਤਾਰਿਆ ਗਿਆ। ਅਮਰੀਕੀ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਨੂੰ ਅਧਿਕਾਰਤ ਪ੍ਰਕਿਰਿਆ ਤਹਿਤ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ। ਏਅਰਪੋਰਟ ‘ਤੇ ਹਰਿਆਣਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪਹਿਲਾਂ ਤੋਂ ਹੀ ਮੌਜੂਦ ਸਨ।
ਜਿਨ੍ਹਾਂ ਨੌਜਵਾਨਾਂ ਖਿਲਾਫ ਅਪਰਾਧਕ ਜਾਂ ਕਿਸੇ ਗਿਰੋਹ ਨਾਲ ਜੁੜੇ ਹੋਣ ਬਾਰੇ ਜਾਣਕਾਰੀ ਸੀ, ਉਨ੍ਹਾਂ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ ਗਿਆ। ਬਾਕੀ ਨੌਜਵਾਨਾਂ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਜ਼ਿਲਿਆਂ ‘ਚ ਭੇਜ ਦਿੱਤਾ ਗਿਆ। ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇਕ ਹੋਰ ਜਹਾਜ਼ ਭਾਰਤ ਆਉਣ ਵਾਲਾ ਹੈ, ਜਿਸ ‘ਚ ਕੈਥਲ ਅਤੇ ਆਸਪਾਸ ਇਲਾਕਿਆਂ ਦੇ ਕਈ ਹੋਰ ਨੌਜਵਾਨਾਂ ਦੇ ਡਿਪੋਰਟ ਹੋਣ ਦੀ ਸੰਭਾਵਨਾ ਹੈ।
ਡਿਪੋਰਟ ਹੋਏ ਨੌਜਵਾਨਾਂ ‘ਚ ਸਭ ਤੋਂ ਵੱਡਾ ਮਾਮਲਾ ਕੈਥਲ ਦੇ ਪਿੰਡ ਤਿਤਰਮ ਨਿਵਾਸੀ ਲਖਵਿੰਦਰ ਉਰਫ ਲੱਖਾ ਦਾ ਹੈ। ਲੱਖਾ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ 2022 ਤੋਂ ਅਮਰੀਕਾ ‘ਚ ਬੈਠ ਕੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਵਪਾਰੀਆਂ ਤੋਂ ਫਿਰੌਤੀ ਮੰਗਣ ਦੇ ਨੈੱਟਵਰਕ ਦਾ ਸੰਚਾਲਨ ਕਰ ਰਿਹਾ ਸੀ। ਹਰਿਆਣਾ ਐੱਸ.ਟੀ.ਐੱਫ. ਦੀ ਅੰਬਾਲਾ ਯੂਨਿਟ ਨੇ ਗੈਂਗਸਟਰ ਲਾਰੈਂਸ ਦੇ ਕਰੀਬੀ ਲਖਵਿੰਦਰ ਉਰਫ ਲੱਖਾ ਨੂੰ ਗ੍ਰਿਫਤਾਰ ਕਰ ਲਿਆ।
ਐੱਸ.ਟੀ.ਐੱਫ. ਨੇ ਉਸ ਦੇ ਖਿਲਾਫ 2023 ‘ਚ ਲੁਕਆਊਟ ਸਰਕੁਲਰ (ਐੱਲ.ਓ.ਸੀ.) ਅਤੇ 2024 ‘ਚ ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ.) ਜਾਰੀ ਕਰਵਾਇਆ ਸੀ। ਲਗਭਗ ਇਕ ਸਾਲ ਤੱਕ ਚੱਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਭਾਰਤ ਲਿਆਂਦਾ ਗਿਆ। ਹਰਿਆਣਾ ‘ਚ ਉਸ ਦੇ ਖਿਲਾਫ 6 ਅਪਰਾਧਕ ਮਾਮਲੇ ਦਰਜ ਹਨ।
ਡਿਪੋਰਟ ਹੋਏ ਨੌਜਵਾਨਾਂ ਵਿਚ ਕਰਨਾਲ ਜ਼ਿਲ੍ਹੇ ਦੇ 16, ਕੈਥਲ ਦੇ 15, ਅੰਬਾਲਾ ਦੇ 5, ਯਮੁਨਾਨਗਰ ਦੇ 4, ਕੁਰੂਕਸ਼ੇਤਰ ਦੇ 3, ਜੀਂਦ ਦੇ 3, ਸੋਨੀਪਤ ਦਾ 1, ਪੰਚਕੂਲਾ ਦਾ 1 ਅਤੇ ਫਤਿਹਾਬਾਦ ਜ਼ਿਲ੍ਹੇ ਦਾ 1 ਨੌਜਵਾਨ ਸ਼ਾਮਲ ਹੈ।
ਡਿਪੋਰਟ ਹੋਏ ਨੌਜਵਾਨਾਂ ‘ਚ ਜ਼ਿਆਦਾਤਰ ਉਹ ਹਨ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਜ਼ਮੀਨ, ਗਹਿਣੇ ਵੇਚ ਕੇ ਅਤੇ ਵਿਆਜ ‘ਤੇ ਪੈਸੇ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਪੁੱਜਦਿਆਂ ਹੀ ਉਨ੍ਹਾਂ ਨੂੰ ਸੀਮਾ ਸੁਰੱਖਿਆ ਫੋਰਸਾਂ ਨੇ ਫੜ ਲਿਆ ਅਤੇ ਕਈ ਮਹੀਨਿਆਂ ਤੱਕ ਜੇਲ੍ਹਾਂ ਅਤੇ ਡਿਟੈਂਸ਼ਨ ਕੈਂਪਾਂ ‘ਚ ਰੱਖਿਆ।
ਡਿਪੋਰਟ ਹੋ ਕੇ ਪਰਤੇ ਕੈਥਲ ਨਿਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਹਿਲਾਂ ਦਿੱਲੀ ਤੋਂ ਬ੍ਰਾਜ਼ੀਲ ਲਿਜਾਇਆ ਜਾਂਦਾ ਹੈ। ਉੱਥੇ ਏਜੰਟ ਲੋਕਲ ਗਿਰੋਹਾਂ ਦੇ ਸਹਾਰੇ ਬ੍ਰਾਜ਼ੀਲ ਤੋਂ ਕੋਲੰਬੀਆ, ਫਿਰ ਪਨਾਮਾ ਅਤੇ ਉੱਥੋਂ ਮੌਤ ਦਾ ਜੰਗਲ ਕਹੇ ਜਾਣ ਵਾਲੇ ਦਰਿਅਨ ਗੈਪ ਦੀ ਸ਼ੁਰੂਆਤ ਹੁੰਦੀ ਹੈ। 6 ਤੋਂ 15 ਦਿਨ ਤੱਕ ਲਗਾਤਾਰ ਜੰਗਲਾਂ ‘ਚ ਪੈਦਲ ਚੱਲਣਾ ਹੁੰਦਾ ਹੈ। ਤੇਜ਼ ਮੀਂਹ, ਚਿੱਕੜ, ਸੱਪ-ਬਿੱਛੂ, ਦਲਦਲ ਆਦਿ ਨੂੰ ਲੰਘ ਕੇ ਅੱਗੇ ਵਧਣਾ ਹੁੰਦਾ ਹੈ। ਥੱਕ ਕੇ ਡਿੱਗ ਜਾਣ ਵਾਲਿਆਂ ਨੂੰ ਡੌਂਕਰ ਉੱਥੇ ਹੀ ਛੱਡ ਦਿੰਦੇ ਹਨ। ਡੌਂਕਰ ਹਰ ਪੜਾਅ ‘ਤੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਇਨ੍ਹਾਂ ‘ਚ ਪਨਾਮਾ 3 ਤੋਂ 5 ਲੱਖ, ਗੁਆਟੇਮਾਲਾ 5 ਤੋਂ 7 ਲੱਖ, ਮੈਕਸੀਕੋ 6 ਤੋਂ 10 ਲੱਖ, ਅਮਰੀਕਾ ਬਾਰਡਰ ਪਾਰ 2 ਤੋਂ 4 ਲੱਖ ਰੁਪਏ ਵਸੂਲੇ ਜਾਂਦੇ ਹਨ। ਕੁੱਲ ਮਿਲਾ ਕੇ ਲਗਭਗ 50 ਤੋਂ 70 ਲੱਖ ਰੁਪਏ ਖਰਚ ਹੁੰਦੇ ਹਨ। ਫਿਰ ਵੀ ਗਾਰੰਟੀ ‘ਜ਼ੀਰੋ’ ਹੀ ਰਹਿੰਦੀ ਹੈ।
ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਹਰਿਆਣਾ ਦੇ 49 ਨੌਜਵਾਨ ਡਿਪੋਰਟ

